ਆਸਟ੍ਰੇਲੀਆ ''ਚ ਕਾਰ ਹੋਈ ਹਾਦਸੇ ਦੀ ਸ਼ਿਕਾਰ, 2 ਮਰੇ

04/13/2018 10:15:54 AM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਰਾਜ ਨਿਊ ਸਾਊਥ ਵੇਲਜ਼ ਵਿਚ ਸ਼ੁੱਕਰਵਾਰ ਸਵੇਰੇ ਇਕ ਕਾਰ ਰੁੱਖ ਨਾਲ ਟਕਰਾਉਣ ਕਾਰਨ ਹਾਦਸੇ ਦੀ ਸ਼ਿਕਾਰ ਹੋ ਗਈ। ਕਾਰ ਵਿਚ ਸਵਾਰ ਦੋ ਯਾਤਰੀਆਂ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਕਰੀਬ ਇਕ ਵਜੇ ਹੋਇਆ। ਹਾਦਸੇ ਮਗਰੋਂ ਨਿਊ ਸਾਊਥ ਵੇਲਜ਼ ਹੰਟਰ ਖੇਤਰ ਵਿਚ ਸੈਲਾਮੇਂਡਰ ਬੇ ਵਿਚ ਜੌਰਜ ਅਤੇ ਸੋਲਜ਼ਰਜ ਪੁਆਇੰਟ ਰੋਡ 'ਤੇ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ। ਕਾਰ ਦੇ 30 ਸਾਲਾ ਡਰਾਈਵਰ ਨੂੰ ਗੰਭੀਰ ਸੱਟਾਂ ਲੱਗੀਆਂ ਜਦਕਿ ਇਕ 30 ਸਾਲਾ ਯਾਤਰੀ ਨੂੰ ਮਾਮੂਲੀ ਸੱਟਾਂ ਲੱਗੀਆਂ।

ਕਾਰ ਵਿਚ ਸਵਾਰ ਹੋਰ ਦੋ ਯਾਤਰੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ 34 ਸਾਲਾ ਯਾਤਰੀ ਕਾਰ ਦੇ ਅੱਗੇ ਵਾਲੀ ਸੀਟ 'ਤੇ ਬੈਠਿਆ ਹੋਇਆ ਸੀ ਜਦਕਿ ਦੂਜਾ ਯਾਤਰੀ ਪਿੱਛੇ ਵਾਲੀ ਸੀਟ 'ਤੇ ਬੈਠਾ ਸੀ। ਡਰਾਈਵਰ ਅਤੇ ਜ਼ਖਮੀ ਯਾਤਰੀ ਨੂੰ ਜੋਨ ਹੰਟਰ ਹਸਪਤਾਲ ਲੈ ਜਾਇਆ ਗਿਆ, ਜਿੱਥੇ ਇਲਾਜ ਮਗਰੋਂ ਉਨ੍ਹਾਂ ਦੀ ਹਾਲਤ ਸਥਿਰ ਹੈ। ਪੁਲਸ ਪੂਰੇ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ।