ਅਲਬਰਟਾ ''ਚ ਕੋਰੋਨਾ ਦੀ ਦੂਜੀ ਲਹਿਰ ਨੂੰ ਲੈ ਕੇ ਡਾਕਟਰਾਂ ਦੀ ਵਧੀ ਚਿੰਤਾ

11/16/2020 1:13:29 PM

ਐਡਮਿੰਟਨ- ਅਲਬਰਟਾ ਸੂਬੇ ਦੇ ਡਾਕਟਰ ਕੋਰੋਨਾ ਦੀ ਦੂਜੀ ਲਹਿਰ ਕਾਰਨ ਚਿੰਤਾ ਵਿਚ ਹਨ। ਬੀਤੇ 24 ਘੰਟਿਆਂ ਵਿਚ ਇੱਥੇ ਕੋਰੋਨਾ ਦੇ 991 ਨਵੇਂ ਮਾਮਲੇ ਦਰਜ ਹੋਏ ਹਨ। ਇਸ ਕਾਰਨ ਹੋਰ 6 ਲੋਕਾਂ ਦੀ ਮੌਤ ਹੋ ਗਈ ਹੈ। ਡਾਟਾ ਮੁਤਾਬਕ ਸੂਬੇ ਵਿਚ ਇਸ ਸਮੇਂ ਕੋਰੋਨਾ ਦੇ 9,618 ਨਵੇਂ ਮਾਮਲੇ ਦਰਜ ਹੋਏ ਹਨ ਅਤੇ 262 ਲੋਕ ਹਸਪਤਾਲਾਂ ਵਿਚ ਇਲਾਜ ਕਰਵਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਚੋਂ 58 ਲੋਕ ਆਈ. ਸੀ. ਯੂ. ਵਿਚ ਭਰਤੀ ਹਨ। 

ਰਿਪੋਰਟਾਂ ਮੁਤਾਬਕ ਬੀਤੇ 24 ਘੰਟਿਆਂ ਦੌਰਾਨ ਫੁੱਟਹਿਲਜ਼ ਮੈਡੀਕਲ ਸੈਂਟਰ ਵਿਚ ਕੈਲਗਰੀ ਦੇ 90 ਸਾਲਾ ਬਜ਼ੁਰਗ ਦੀ ਮੌਤ ਹੋ ਗਈ ਹੈ ਤੇ ਇੱਥੇ 92 ਮਰੀਜ਼ ਅਤੇ ਮੈਡੀਕਲ ਸਟਾਫ਼ ਮੈਂਬਰ ਕੋਰੋਨਾ ਦੀ ਲਪੇਟ ਵਿਚ ਹਨ। 

ਐਡਮਿੰਟਨ ਜਨਰਲ ਕੇਅਰ ਸੈਂਟਰ ਵਿਚ ਵੀ 3 ਲੋਕਾਂ ਨੇ ਦਮ ਤੋੜ ਦਿੱਤਾ, ਇਨ੍ਹਾਂ ਵਿਚੋਂ 2 ਦੀ ਉਮਰ ਲਗਭਗ 80 ਸਾਲ ਤੇ ਇਕ ਦੀ ਉਮਰ 90 ਕੁ ਸਾਲ ਸੀ। ਐਡਮਿੰਟਨ ਦੇ ਮਿਸਰੀਕੋਰਡੀਆ ਕਮਿਊਨਟੀ ਹਸਪਤਾਲ ਵਿਚ 60 ਅਤੇ 90 ਸਾਲਾ ਦੋ ਬੀਬੀਆਂ ਦੀ ਮੌਤ ਹੋ ਗਈ। ਅਲਬਰਟਾ ਵਿਚ ਕੋਰੋਨਾ ਕਾਰਨ 407 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਪਹਿਲੀ ਵਾਰ ਸੂਬੇ ਵਿਚ ਕੋਰੋਨਾ ਦੇ ਇਕ ਹਜ਼ਾਰ ਤੋਂ ਵੱਧ ਮਾਮਲੇ ਦਰਜ ਹੋਏ ਸਨ ਤੇ ਇਸ ਦੇ ਨਾਲ ਹੀ ਮੌਤਾਂ ਦੀ ਕੁੱਲ ਗਿਣਤੀ ਵੀ 400 ਦਾ ਅੰਕੜਾ ਪਾਰ ਕਰ ਗਈ ਸੀ। ਹਾਲਾਂਕਿ ਹੁਣ ਕੋਰੋਨਾ ਦੇ ਮਾਮਲੇ ਕੁਝ ਘੱਟ ਦਰਜ ਹੋਏ ਹਨ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਮਾਮਲੇ ਹੋਰ ਵੱਧ ਸਕਦੇ ਹਨ ਤੇ ਲੋਕਾਂ ਨੂੰ ਸਹਿਯੋਗ ਦੇਣ ਦੀ ਜ਼ਰੂਰਤ ਹੈ।

Lalita Mam

This news is Content Editor Lalita Mam