9/11 ਹਮਲੇ ਦੀ 18ਵੀਂ ਬਰਸੀ: ਅੱਤਵਾਦੀ ਹਮਲੇ 'ਚ ਜਾਨ ਗੁਆਉਣ ਵਾਲਿਆਂ ਨੂੰ ਟਰੰਪ ਨੇ ਦਿੱਤੀ ਸ਼ਰਧਾਂਜਲੀ

09/12/2019 4:36:12 AM

ਨਿਊਯਾਰਕ - ਅਮਰੀਕਾ 'ਚ 11 ਸਤੰਬਰ, 2001 ਨੂੰ ਅਲਕਾਇਦਾ ਵੱਲੋਂ ਹਾਈਜੈੱਕ ਜਹਾਜ਼ਾਂ ਨੂੰ ਟਵਿਨ ਟਾਵਰਾਂ 'ਚ ਮਾਰ ਕੇ ਕੀਤੇ ਗਏ ਹਮਲੇ 'ਚ ਮਾਰੇ ਗਏ ਕਰੀਬ 3 ਹਜ਼ਾਰ ਲੋਕਾਂ ਨੂੰ ਯਾਦ ਕਰਦੇ ਹੋਏ ਬੁੱਧਵਾਰ ਨੂੰ ਨਿਊਯਾਰਕ 'ਚ ਸਰਧਾਂਜਲੀ ਦਿੱਤੀ ਗਈ। ਪੀੜਤਾਂ ਦੇ ਰਿਸ਼ਤੇਦਾਰ, ਪੁਲਸ ਅਧਿਕਾਰੀ, ਫਾਇਰ ਬ੍ਰਿਗੇਡ ਅਤੇ ਸ਼ਹਿਰ ਦੇ ਨੇਤਾ ਅਮਰੀਕੀ ਧਰਤੀ 'ਤੇ ਹੋਏ ਹਮਲੇ ਦੀ 18ਵੀਂ ਬਰਸੀ 'ਤੇ ਨੈਸ਼ਨਲ ਸਤੰਬਰ 11 ਮੈਮੋਰੀਅਲ 'ਤੇ ਇਕੱਠੇ ਹੋਏ। ਇਨਾਂ ਲੋਕਾਂ ਨੇ ਸਵੇਰੇ 8:45 ਵਜੇ ਅਤੇ ਸਵੇਰੇ 9:03 ਵਜੇ ਕੁਝ ਪਲਾਂ ਦਾ ਮੌਨ ਰਖਿਆ। ਠੀਕ ਇਸ ਸਮੇਂ ਹਾਈਜੈੱਕ ਕੀਤੇ ਜਹਾਜ਼ਾਂ ਨੂੰ ਨਾਰਥ ਟਾਵਰ ਅਤੇ ਸਾਊਥ ਟਾਵਰ 'ਚ ਮਾਰਿਆ ਗਿਆ ਸੀ।



ਇਸ ਪ੍ਰੋਗਰਾਮ 'ਚ ਸ਼ਾਮਲ ਹੋਏ ਵਿਅਕਤੀਆਂ 'ਚ ਨਿਊਯਾਰਕ ਦੇ ਗਵਰਨਰ ਐਂਡ੍ਰਿਊ ਕਿਓਮੋ, ਮੇਅਰ ਬਿਲ ਡੀ ਬਲਾਸੀਓ ਆਦਿ ਸ਼ਾਮਲ ਸਨ। ਲਗਭਗ 4 ਘੰਟੇ ਤੱਕ ਚਲੇ ਇਸ ਪ੍ਰੋਗਰਾਮ 'ਚ ਰਿਸ਼ਤੇਦਾਰਾਂ ਨੇ ਇਸ ਹਮਲੇ 'ਚ ਮਾਰੇ ਗਏ ਲੋਕਾਂ ਦੇ ਨਾਂ ਪੜ੍ਹੇ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ 'ਚ ਕੁਝ ਦੇਰ ਦਾ ਮੌਨ ਰੱਖ ਕੇ ਸਵਰਗੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਅਲਕਾਇਦਾ ਨੇ ਕੁਲ 4 ਜਹਾਜ਼ਾਂ ਨੂੰ ਹਾਈਜੈੱਕ ਕੀਤਾ ਸੀ, ਜਿਸ 'ਚੋਂ ਤੀਜਾ ਜਹਾਜ਼ ਪੈਂਟਾਗਨ ਅਤੇ ਚੌਥਾ ਫਲਾਈਟ 93 ਪੇਂਸੀਵਾਨੀਆ ਦੇ ਸ਼ਾਂਕਸਵਿਲੇ ਸਥਿਤ 'ਚ ਇਕ ਖੇਤ 'ਚ ਹਾਦਸਗ੍ਰਸਤ ਹੋ ਗਿਆ ਸੀ। ਇਸ ਵਿਚਾਲੇ ਵਾਸ਼ਿੰਗਟਨ ਤੋਂ ਹਾਸਲ ਖਬਰ ਮੁਤਾਬਕ ਟਰੰਪ ਨੇ ਅਫਗਾਨਿਸਤਾਨ 'ਚ ਤਾਲਿਬਾਨ ਨੂੰ ਚਿਤਾਵਨੀ ਦਿੱਤੀ ਕਿ ਉਸ ਖਿਲਾਫ ਅਮਰੀਕੀ ਫੌਜੀ ਹਮਲਾ ਜਾਰੀ ਰਹੇਗਾ।



ਟਰੰਪ ਵੱਲੋਂ ਇਹ ਚਿਤਾਵਨੀ ਉਨ੍ਹਾਂ ਵੱਲੋਂ ਤਾਲਿਬਾਨ ਦੇ ਨਾਲ ਸ਼ਾਂਤੀ ਵਾਰਤਾ ਖਤਮ ਕਰਨ ਤੋਂ ਸਿਰਫ 5 ਦਿਨ ਬਾਅਦ ਆਈ ਹੈ। ਟਰੰਪ 11 ਸਤੰਬਰ ਦੇ ਅੱਤਵਾਦੀ ਹਮਲੇ ਦੀ 18ਵੀਂ ਬਰਸੀ 'ਤੇ ਆਯੋਜਿਤ ਇਕ ਪ੍ਰੋਗਰਾਮ 'ਚ ਬੋਲ ਰਹੇ ਸਨ। ਉਨ੍ਹਾਂ ਆਖਿਆ ਕਿ ਪਿਛਲੇ 4 ਦਿਨਾਂ ਦੌਰਾਨ ਅਮਰੀਕੀ ਬਲਾਂ ਨੇ ਸਾਡੇ ਦੁਸ਼ਮਣਾਂ 'ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਕੀਤਾ ਹੈ ਅਤੇ ਇਹ ਅੱਗੇ ਵੀ ਜਾਰੀ ਰਹੇਗਾ। ਟਰੰਪ ਨੇ ਆਖਿਆ ਕਿ ਉਨ੍ਹਾਂ ਨੇ ਤਾਲਿਬਾਨ ਦੇ ਨਾਲ ਖੁਫੀਆ ਸ਼ਾਂਤੀ ਵਾਰਤਾ ਰੱਦ ਕਰਨ ਦਾ ਆਦੇਸ਼ ਪਿਛਲੇ ਹਫਤੇ ਹੋਏ ਉਸ ਬੰਬ ਹਮਲੇ ਦੇ ਜਵਾਬ 'ਚ ਦਿੱਤਾ ਸੀ, ਜਿਸ 'ਚ ਇਕ ਅਮਰੀਕੀ ਫੌਜੀ ਮਾਰਿਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਹਮਲੇ ਦਾ ਆਦੇਸ਼ ਦਿੱਤਾ ਸੀ।

Khushdeep Jassi

This news is Content Editor Khushdeep Jassi