9/11: ਤਬਾਹੀ ਦਾ ਉਹ ਮੰਜ਼ਰ ਜਿਸ ਨੇ ਹਿਲਾ ਕੇ ਰੱਖ ਦਿੱਤੀ ਸਾਰੀ ਦੁਨੀਆ (ਤਸਵੀਰਾਂ)

09/11/2019 3:58:36 PM

ਨਿਊਯਾਰਕ— ਅੱਜ ਤੋਂ ਠੀਕ 18 ਸਾਲ ਪਹਿਲਾਂ ਯਾਨੀ 11 ਸਤੰਬਰ 2001 ਨੂੰ ਅੱਤਵਾਦੀਆਂ ਨੇ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਮੁਲਕ ਅਮਰੀਕਾ 'ਤੇ ਇਕ ਅਜਿਹਾ ਹਮਲਾ ਕੀਤਾ ਸੀ, ਜਿਸ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ।

ਹਮਲੇ ਨੇ ਅਜਿਹੀ ਤਬਾਹੀ ਮਚਾਈ ਸੀ ਕਿ ਜਿਸ ਨੇ ਵੀ ਇਸ ਮੰਜ਼ਰ ਨੂੰ ਦੇਖਿਆ ਉਸ ਦੇ ਦਿਮਾਗ 'ਚ ਇਸ ਹਮਲੇ ਦੀ ਤਸਵੀਰ ਛੱਪ ਗਈ।


ਅੱਤਵਾਦੀਆਂ ਨੇ ਹਵਾਈ ਜਹਾਜ਼ ਨੂੰ ਮਿਜ਼ਾਇਲ ਦੇ ਰੂਪ 'ਚ ਵਰਤਿਆ ਸੀ। ਇਸ ਹਮਲੇ 'ਚ ਕਰੀਬ 3000 ਲੋਕ ਮਾਰੇ ਗਏ ਸਨ। ਅਸਲ 'ਚ 11 ਸਤੰਬਰ 2001 ਨੂੰ ਸੰਯੁਕਤ ਰਾਜ ਅਮਰੀਕਾ 'ਤੇ ਅੱਤਵਾਦੀ ਸੰਗਠਨ ਅਲ-ਕਾਇਦਾ ਨੇ ਜੋ ਹਮਲਾ ਕੀਤਾ ਸੀ, ਉਹ ਆਤਮਘਾਤੀ ਹਮਲੇ ਦੀ ਲੜੀ ਸੀ। ਉਸ ਦਿਨ ਸਵੇਰੇ 19 ਅਲ ਕਾਇਦਾ ਅੱਤਵਾਦੀਆਂ ਨੇ ਚਾਰ ਯਾਤਰੀ ਜਹਾਜ਼ਾਂ ਨੂੰ ਅਗਵਾ ਕੀਤਾ ਸੀ।



ਅਗਵਾਕਾਰਾਂ ਨੇ ਜਾਣਬੁੱਝ ਕੇ ਉਨ੍ਹਾਂ 'ਚੋਂ ਦੋ ਜਹਾਜ਼ਾਂ ਨੂੰ ਵਰਲਡ ਟ੍ਰੇਡ ਸੈਂਟਰ, ਨਿਊਯਾਰਕ ਸ਼ਹਿਰ ਦੇ ਟਵਿਨ ਟਾਵਰ 'ਚ ਮਾਰ ਦਿੱਤਾ, ਜਿਸ 'ਚ ਜਹਾਜ਼ਾਂ 'ਚ ਸਵਾਰ ਸਾਰੇ ਲੋਕ ਤੇ ਬਿਲਡਿੰਗਾਂ 'ਚ ਕੰਮ ਕਰਨ ਵਾਲੇ ਹੋਰ ਕਈ ਲੋਕ ਮਾਰੇ ਗਏ ਸਨ।


ਦੋਵੇਂ ਵੱਡੀਆਂ ਇਮਾਰਤਾਂ ਦੋ ਘੰਟੇ ਦੇ ਅੰਦਰ ਢਹਿ ਗਈਆਂ ਤੇ ਨੇੜੇ ਦੀਆਂ ਇਮਾਰਤਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ।



ਅਗਵਾਕਾਰਾਂ ਨੇ ਤੀਜੇ ਜਹਾਜ਼ ਨੂੰ ਵਾਸ਼ਿੰਗਟਨ ਡੀ.ਸੀ. ਦੇ ਬਾਹਰ ਆਰਲਿੰਗਟਨ, ਵਰਜੀਨੀਆ 'ਚ ਪੈਂਟਾਗਨ ਨਾਲ ਟਕਰਾ ਦਿੱਤਾ ਸੀ। ਇਸ ਹਮਲੇ 'ਚ ਕਰੀਬ 3000 ਲੋਕ ਤੇ 19 ਅਗਵਾਕਾਰ ਮਾਰੇ ਗਏ ਸਨ। ਪੈਂਟਾਗਨ 'ਤੇ ਹੋਏ ਹਮਲੇ 'ਚ 184 ਲੋਕਾਂ ਦੀ ਮੌਤ ਹੋਈ ਸੀ। ਇਸ ਦੌਰਾਨ ਜ਼ਖਮੀਆਂ 'ਚ 70 ਦੇਸ਼ਾਂ ਦੇ ਲੋਕ ਸ਼ਾਮਲ ਸਨ।



ਇਹ ਹਮਲਾ ਕਿੰਨਾਂ ਵੱਡਾ ਸੀ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਸ ਹਮਲੇ 'ਚ ਲੱਗੀ ਅੱਗ ਨੂੰ ਬੁਝਾਉਣ 'ਚ 100 ਦਿਨ ਲੱਗ ਗਏ ਸਨ। ਇਸ ਹਮਲੇ 'ਚ ਟਵਿਨ ਟਾਵਰ 'ਚ ਮੌਜੂਦ 90 ਦੇਸ਼ਾਂ ਦੇ ਲੋਕ ਮਾਰੇ ਗਏ ਸਨ।



ਜਿਸ ਟਵਿਨ ਟਾਵਰ ਨੂੰ ਅੱਤਵਾਦੀਆਂ ਨੇ ਨਿਸ਼ਾਨਾ ਬਣਾਇਆ ਸੀ ਉਹ 4 ਅਪ੍ਰੈਲ 1973 ਨੂੰ ਬਣ ਕੇ ਤਿਆਰ ਹੋਇਆ ਸੀ, ਜਿਸ ਦੀਆਂ 7 ਇਮਾਰਤਾਂ ਸਨ। ਇਸ ਨੂੰ ਬਣਾਉਣ 'ਚ 40 ਕਰੋੜ ਡਾਲਰ ਲੱਗੇ ਸਨ। ਟਾਵਰ 'ਚ ਕਰੀਬ 50 ਹਜ਼ਾਰ ਕਰਮਚਾਰੀ ਕੰਮ ਕਰਦੇ ਸਨ। ਇਹ ਇਮਾਰਤ ਕਿੰਨੀ ਵੱਡੀ ਸੀ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਥੇ 239 ਲਿਫਟਾਂ ਸਨ।

Baljit Singh

This news is Content Editor Baljit Singh