ਅੱਗ ਨੇ ਤਬਾਹ ਕੀਤੇ ਕਈ ਘਰ, ਦੇਖੋ ਹਾਲਾਤ ਨੂੰ ਬਿਆਨ ਕਰਦੀਆਂ ਤਸਵੀਰਾਂ

07/17/2017 6:08:30 PM

ਬੀ. ਸੀ.— ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਚ ਜੰਗਲ ਦੀਆਂ ਝਾੜੀਆਂ ਨੂੰ ਲੱਗੀ ਅੱਗ ਲੋਕਾਂ ਲਈ ਵੱਡੀ ਸਿਰਦਰਦੀ ਬਣ ਗਈ ਹੈ। ਤੇਜ਼ੀ ਨਾਲ ਵਧਦੀ ਅੱਗ ਨੇ ਲੋਕਾਂ ਦਾ ਭਾਰੀ ਨੁਕਸਾਨ ਕਰ ਦਿੱਤਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਕਲੋਨਾ ਵਿਚ ਅੱਗ ਕਾਰਨ 8 ਘਰ ਬੁਰੇ ਤਰ੍ਹਾਂ ਨਾਲ ਨੁਕਸਾਨੇ ਗਏ ਹਨ। ਬੀਤੇ ਸ਼ਨੀਵਾਰ ਨੂੰ ਬ੍ਰਿਟਿਸ਼ ਕੋਲੰਬੀਆ ਵਿਚ ਅੱਗ ਤੇਜ਼ੀ ਨਾਲ ਭੜਕ ਗਈ, ਜਿਸ ਦੀ ਲਪੇਟ ਵਿਚ ਇਹ ਘਰ ਆ ਗਏ। ਐਤਵਾਰ ਨੂੰ ਫਾਇਰਫਾਈਟਰਜ਼ ਅਧਿਕਾਰੀਆਂ ਨੇ ਕਿਹਾ ਕਿ ਅੱਗ 'ਤੇ 50 ਫੀਸਦੀ ਕਾਬੂ ਪਾ ਲਿਆ ਗਿਆ ਹੈ। 
ਫਾਇਰਫਾਈਟਰਜ਼ ਅੱਗ ਨੂੰ ਬੁਝਾਉਣ ਵਿਚ ਲੱਗੇ ਹੋਏ ਹਨ। ਟਰੈਸੀ ਟੋਜ਼ਰ ਨਾਂ ਦੇ ਇਕ ਵਿਅਕਤੀ ਨੇ ਤੇਜ਼ੀ ਨਾਲ ਫੈਲੀ ਅੱਗ ਦੀ ਘਟਨਾ ਨੂੰ ਬਿਆਨ ਕਰਦਿਆਂ ਕਿਹਾ ਕਿ ਉਸ ਨੇ ਦੇਖਿਆ ਕਿ ਉਨ੍ਹਾਂ ਦੇ ਇਲਾਕੇ ਵਿਚ ਆਲੇ-ਦੁਆਲੇ ਦੇ ਘਰਾਂ 'ਚੋਂ ਧੂੰਆਂ ਨਿਕਲ ਰਿਹਾ ਸੀ ਅਤੇ ਉਸ ਨੂੰ ਇਹ ਇਕ ਅਲਰਟ ਮਿਲ ਗਿਆ ਕਿ ਬਸ ਹੁਣ ਇੱਥੋਂ ਦੌੜਨਾ ਹੈ। ਉਸ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਨਾਲ ਕੁਝ ਸਾਮਾਨ ਲਿਆ ਅਤੇ ਆਲੇ-ਦੁਆਲੇ ਦੇ ਘਰਾਂ ਨੂੰ ਕਿਹਾ ਕਿ ਇੱਥੋ ਦੌੜੋ ਅੱਗ ਲੱਗ ਗਈ ਹੈ। ਉਕਤ ਵਿਅਕਤੀ ਨੇ ਦੱਸਿਆ ਕਿ ਉਹ ਅਤੇ ਉਸ ਦਾ ਬੇਟਾ ਘਰ ਵਿਚ ਸੀ, ਜਦੋਂ ਅੱਗ ਲੱਗ ਗਈ। ਇਸ ਭਿਆਨਕ ਅੱਗ ਤੋਂ ਆਲੇ-ਦੁਆਲੇ ਦੇ ਹੋਰ ਖੇਤਰਾਂ ਵਿਚ ਸਥਿਤ 657 ਮਕਾਨਾਂ 'ਚੋਂ ਲੋਕਾਂ ਨੂੰ ਬਾਹਰ ਸੁਰੱਖਿਅਤ ਕੱਢਿਆ ਗਿਆ। ਟੋਜ਼ਰ ਨੇ ਆਸ ਜ਼ਾਹਰ ਕੀਤੀ ਹੈ ਕਿ ਜਦੋਂ ਅਸੀਂ ਵਾਪਸ ਆਪਣੇ ਘਰਾਂ ਨੂੰ ਜਾਵਾਂਗੇ ਤਾਂ ਸਭ ਕੁਝ ਠੀਕ ਹੋਵੇਗਾ।