ਕੋਰੋਨਾ ਦੀ ਲਪੇਟ ''ਚ ਫਸਦਾ ਜਾ ਰਿਹੈ ਬ੍ਰਿਟੇਨ, ਹੁਣ ਤੱਕ 759 ਮੌਤਾਂ ਤੇ ਹਜ਼ਾਰਾਂ ਪ੍ਰਭਾਵਿਤ

03/28/2020 1:09:13 PM

ਲੰਡਨ- ਬ੍ਰਿਟੇਨ ਵਿਚ ਜਾਨਲੇਵਾ ਵਾਇਰਸ ਕੋਵਿਡ-19 ਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ ਤੇ ਦੇਸ਼ ਵਿਚ ਇਸ ਵਾਇਰਸ ਦੀ ਲਪੇਟ ਵਿਚ ਆਉਣ ਕਾਰਨ ਹੁਣ ਤੱਕ 759 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਦੇ ਸਿਹਤ ਵਿਭਾਗ ਨੇ ਸ਼ਨੀਵਾਰ ਨੂੰ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ ਵਿਚ ਕੋਰੋਨਾਵਾਇਰਸ ਦੇ ਮਾਮਲੇ ਵਧਕੇ 14 ਹਜ਼ਾਰ ਦਾ ਅੰਕੜਾ ਪਾਰ ਕਰ ਗਏ ਹਨ।

ਵਿਭਾਗ ਨੇ ਕਿਹਾ ਕਿ 27 ਮਾਰਚ ਨੂੰ ਸਵੇਰੇ 9 ਵਜੇ ਤੱਕ ਕੁੱਲ 1,13,777 ਲੋਕਾਂ ਦੀ ਜਾਂਚ ਕੀਤੀ ਗਈ, ਜਿਹਨਾਂ ਵਿਚੋਂ 99,234 ਦੀ ਰਿਪੋਰਟ ਨੈਗੇਟਿਵ ਆਈ ਹੈ ਜਦਕਿ 14,453 ਲੋਕਾਂ ਦੇ ਇਨਫੈਕਟਡ ਹੋਣ ਦੀ ਪੁਸ਼ਟੀ ਹੋਈ ਹੈ। 26 ਮਾਰਚ ਦੀ ਸ਼ਾਮ ਪੰਜ ਵਜੇ ਤੱਕ 759 ਇਨਫੈਕਟ ਲੋਕਾਂ ਦੀ ਮੌਤ ਹੋ ਗਈ। ਇਸ ਖਤਰਨਾਕ ਵਾਇਰਸ ਨਾਲ ਵਿਸ਼ਵ ਵਿਚ 26,934 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਤਕਰੀਬਨ 6 ਲੱਖ ਵਾਇਰਸ ਦੇ ਮਾਮਲੇ ਹੁਣ ਤੱਕ ਸਾਹਮਣੇ ਆ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਤੇ ਸਿਹਤ ਮੰਤਰੀ ਮੈਟ ਹੈਂਕਾਕ ਦੀ ਵੀ ਕੋਰੋਨਾਵਾਇਰਸ ਰਿਪੋਰਟ ਪਾਜ਼ੀਟਿਵ ਆਈ ਹੈ। ਉਹਨਾਂ ਨੇ ਵੀਰਵਾਰ ਨੂੰ ਇਕ ਵੀਡੀਓ ਸੰਦੇਸ਼ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ। ਦੋਵਾਂ ਨੇਤਾਵਾਂ ਨੇ ਦੇਸ਼ ਦੇ ਨਾਂ ਸੰਦੇਸ਼ ਜਾਰੀ ਕਰਕੇ ਲੋਕਾਂ ਨੂੰ ਘਰੇ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਕੁਝ ਦਿਨ ਪਹਿਲਾਂ ਸ਼ਾਹੀ ਪਰਿਵਾਰ ਦੇ ਪ੍ਰਿੰਸ ਚਾਰਲਸ ਤੇ ਪਰਿਵਾਰ ਦੇ ਇਕ ਸਹਿਯੋਗੀ ਦੀ ਵੀ ਕੋਰੋਨਾਵਾਇਰਸ ਰਿਪੋਰਟ ਪਾਜ਼ੀਟਿਵ ਪਾਈ ਗਈ ਸੀ।

Baljit Singh

This news is Content Editor Baljit Singh