ਇੰਡੋਨੇਸ਼ੀਆ ''ਚ ਕਿਸ਼ਤੀ ਹਾਦਸਾ, 7 ਹਲਾਕ

08/17/2019 8:20:58 PM

ਕੇਂਡਰੀ— ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ ਦੇ ਨੇੜੇ ਸ਼ਨੀਵਾਰ ਨੂੰ ਦਰਜਨਾਂ ਯਾਤਰੀਆਂ ਨੂੰ ਲਿਜਾ ਰਹੀ ਇਕ ਕਿਸ਼ਤੀ 'ਚ ਅੱਗ ਲੱਗਣ ਨਾਲ ਇਸ 'ਚ ਸਵਾਰ ਦੋ ਬੱਚਿਆਂ ਸਣੇ 7 ਲੋਕਾਂ ਦੀ ਮੌਤ ਹੋ ਗਈ ਜਦਕਿ ਚਾਰ ਲੋਕ ਅਜੇ ਲਾਪਤਾ ਹਨ। ਇਕ ਪੁਲਸ ਕਰਮਚਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਕਿਸ਼ਤੀ ਦੱਖਣ-ਪੂਰਬੀ ਸੁਲਾਵੇਸੀ ਤੋਂ ਸੈਂਟਰਲ ਸੁਲਾਵੇਸੀ ਦੇ ਇਕ ਟਾਪੂ ਵੱਲ ਜਾ ਰਹੀ ਸੀ ਕਿ ਤਦੇ ਉਸ 'ਚ ਅੱਗ ਲੱਗ ਗਈ। 

ਸਥਾਨਕ ਪੁਲਸ ਬੁਲਾਰੇ ਹੈਰੀ ਗੋਲਡਨਹਾਰਡ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਅਚਾਨਕ ਇੰਜਨ ਤੋਂ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ ਤੇ ਅੱਗ ਅਚਾਨਕ ਕਿਸ਼ਤੀ ਦੇ ਦੂਜੇ ਹਿੱਸਿਆਂ 'ਚ ਫੈਲ ਗਈ। ਪੁਲਸ ਨੂੰ ਸ਼ੱਕ ਹੈ ਕਿ ਅੱਗ ਡੀਜ਼ਲ ਟੈਂਕ 'ਚ ਧਮਾਕੇ ਕਾਰਨ ਲੱਗੀ ਸੀ। ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਕਿਸ਼ਤੀ 'ਚ ਕਿੰਨੇ ਲੋਕ ਸਵਾਰ ਸਨ। ਯਾਤਰੀ ਬਿਓਰੇ ਮੁਤਾਬਕ 50 ਲੋਕਾਂ ਦੀ ਸੂਚੀ ਮਿਲੀ ਹੈ ਪਰ ਰਾਹਤ ਕਰਮਚਾਰੀਆਂ ਤੇ ਸਥਾਨਕ ਲੋਕਾਂ ਨੇ 61 ਲੋਕਾਂ ਨੂੰ ਜ਼ਿੰਦਾ ਬਚਾਇਆ ਜਦਕਿ ਦੋ ਸਾਲ ਤੇ ਚਾਰ ਸਾਲ ਦੇ ਬੱਚਿਆਂ ਸਣੇ 7 ਲੋਕ ਮ੍ਰਿਤ ਮਿਲੇ ਹਨ। ਲਾਪਤਾ ਦੱਸੇ ਜਾ ਰਹੇ ਚਾਰ ਲੋਕਾਂ ਦੀ ਭਾਲ ਅਜੇ ਜਾਰੀ ਹੈ। ਇੰਡੋਨੇਸ਼ੀਆ 'ਚ ਸੁਰੱਖਿਆ ਖਸਤਾ ਹਾਲ ਹੋਣ ਕਾਰਨ ਅਜਿਹੇ ਕਿਸ਼ਤੀ ਹਾਦਸੇ ਹੁੰਦੇ ਰਹਿੰਦੇ ਹਨ। ਕਈ ਵਾਰ ਕਿਸ਼ਤੀ ਸੰਚਾਲਕ ਸਮਰਥਾ ਤੋਂ ਜ਼ਿਆਦਾ ਯਾਤਰੀਆਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਟਿਕਟ ਵੇਚ ਦਿੰਦੇ ਹਨ।

Baljit Singh

This news is Content Editor Baljit Singh