ਰੂਸ ਜਹਾਜ਼ ਹਾਦਸੇ ''ਚ 6 ਭਾਰਤੀਆਂ ਦੀ ਮੌਤ, 6 ਲਾਪਤਾ

01/23/2019 11:01:50 PM

ਮਾਸਕੋ/ਨਵੀਂ ਦਿੱਲੀ— ਰੂਸੀ ਸਰਹੱਦ ਨੇੜੇ ਦੋ ਜਹਾਜ਼ਾਂ 'ਚ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਘੱਟ ਤੋਂ ਘੱਟ 6 ਭਾਰਤੀ ਸੇਲਰਾਂ ਦੀ ਮੌਤ ਹੋ ਗਈ ਤੇ 6 ਹੋਰ ਲਾਪਤਾ ਹੋ ਗਏ। ਲਾਪਤਾ ਸੇਲਰਾਂ ਦੀ ਤਲਾਸ਼ ਲਈ ਰੂਸ ਨੇ ਬੁੱਧਵਾਰ ਨੂੰ ਦੁਬਾਰਾ ਮੁਹਿੰਮ ਸ਼ੁਰੂ ਕੀਤੀ ਹੈ। ਇਨ੍ਹਾਂ ਦੋਵਾਂ ਜਹਾਜ਼ਾਂ ਦੇ ਚਾਲਕ ਦਲ 'ਚ ਭਾਰਤੀ ਤੇ ਤੁਰਕੀ ਮੈਂਬਰ ਸ਼ਾਮਲ ਸਨ।

ਕ੍ਰੀਮੀਆ ਨੂੰ ਰੂਸ ਤੋਂ ਵੱਖ ਕਰਨ ਵਾਲੀ ਕਰਚ ਸਮੁੰਦਰੀ ਸਰਹੱਦ 'ਚ ਸੋਮਵਾਰ ਨੂੰ ਦੋ ਜਹਾਜ਼ਾਂ 'ਚ ਅੱਗ ਲੱਗਣ ਤੋਂ ਬਾਅਦ 10 ਲਾਪਤਾ ਲੋਕਾਂ ਦੀ ਭਾਲ ਲਈ ਰੂਸੀ ਅਧਿਕਾਰੀਆਂ ਨੇ ਤਲਾਸ਼ੀ ਮੁਹਿੰਮ ਚਲਾਈ। ਜਿਸ ਥਾਂ 'ਤੇ ਹਾਦਸਾ ਹੋਇਆ ਉਹ ਰੂਸੀ ਇਲਾਕਾ ਹੈ। ਹਾਦਸਾਗ੍ਰਸਤ ਹੋਏ ਕੈਂਡੀ ਨਾਂ ਦੇ ਜਹਾਜ਼ 'ਚ 17 ਮੈਂਬਰ ਸ਼ਾਮਲ ਸਨ, ਜਿਨ੍ਹਾਂ 'ਚ 9 ਤੁਰਕੀ ਤੇ 8 ਭਾਰਤੀ ਸਨ। ਦੂਜੇ ਜਹਾਜ਼ 'ਚ 15 ਮੈਂਬਰ ਸਨ, ਜਿਸ 'ਚ ਤੁਰਕੀ ਦੇ 7, ਭਾਰਤ ਦੇ 7 ਤੇ ਇਕ ਲੀਬੀਅਨ ਨਾਗਰਿਕ ਸਨ।

ਨਵੀਂ ਦਿੱਲੀ 'ਚ ਵਿਦੇਸ਼ ਮੰਤਰਾਲੇ ਵਲੋਂ ਇਕ ਬਿਆਨ 'ਚ ਕਿਹਾ ਗਿਆ ਕਿ ਅਸੀਂ ਇਹ ਦੱਸਦੇ ਹੋਏ ਦੁਖੀ ਹਾਂ ਕਿ ਜਹਾਜ਼ ਹਾਦਸੇ 'ਚ ਮਰਨ ਵਾਲਿਆਂ 'ਚ ਭਾਰਤੀ ਨਾਗਰਿਕ ਵੀ ਸ਼ਾਮਲ ਹਨ। ਮ੍ਰਿਤਕਾਂ ਦੀ ਪਛਾਣ ਪਿਨਲ ਕੁਮਾਰ ਭਰਤਭਾਈ ਟੰਡੇਲ, ਵਿਕਰਮ ਸਿੰਘ, ਸਰਵਨਨ ਨਾਗਰਾਜਨ, ਵਿਸ਼ਾਲ ਡੋਡ, ਰਾਜਾ ਦੇਵਨਾਰਾਇਣ ਤੇ ਕਰਨ ਕੁਮਾਰ ਹਰਿਭਾਈ ਟੰਡੇਲ ਦੇ ਰੂਪ 'ਚ ਕੀਤੀ ਗਈ ਹੈ। 6 ਲਾਪਤਾ ਭਾਰਤੀਆਂ 'ਚ ਸਿਧਾਰਥ ਮੇਹਰ, ਨੀਰਜ ਸਿੰਘ, ਸੈਬੇਸਟੀਅਨ ਬ੍ਰਿਟੋ ਬ੍ਰੀਜ਼ਲਿਨ, ਰਿਸ਼ੀਕੇਸ਼ ਰਾਜੂ ਸਕਪਾਲ, ਅਕਸ਼ੈ ਬਾਬਨ ਜਾਧਵ ਤੇ ਆਨੰਦਕੇਸਰ ਅਵਿਨਾਸ਼ ਸ਼ਾਮਲ ਹਨ।

Baljit Singh

This news is Content Editor Baljit Singh