ਡੋਨਾਲਡ ਟਰੰਪ ਨੂੰ ਮੁੜ ਰਾਸ਼ਟਰਪਤੀ ਬਣਨਾ ਦੇਖਣਾ ਚਾਹੁੰਦੇ ਹਨ 56 ਫੀਸਦੀ ਵੋਟਰ

11/08/2019 11:16:08 PM

ਨਿਊਯਾਰਕ - ਅਮਰੀਕਾ 'ਚ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਸਰਵੇਖਣ ਦਾ ਦੌਰ ਸ਼ੁਰੂ ਹੋ ਗਿਆ ਹੈ। ਇਕ ਤਾਜ਼ਾ ਸਰਵੇਖਣ 'ਚ 56 ਫੀਸਦੀ ਵੋਟਰਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਦੁਬਾਰਾ ਵ੍ਹਾਈਟ ਹਾਊਸ ਪਹੁੰਚਾਉਣ ਦੇ ਪੱਖ 'ਚ ਆਪਣੀ ਰਾਏ ਦਿੱਤੀ ਹੈ। ਅਮਰੀਕਾ 'ਚ ਅਗਲੇ ਸਾਲ ਨਵੰਬਰ 'ਚ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਇਸ 'ਚ ਟਰੰਪ ਨੂੰ ਚੁਣੌਤੀ ਦੇਣ ਲਈ ਵਿਰੋਧੀ ਡੈਮੋਕ੍ਰੇਟਿਕ ਪਾਰਟੀ 'ਚ ਰਾਸ਼ਟਰਪਤੀ ਉਮੀਦਵਾਰੀ ਤੈਅ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ।

ਪੋਲੀਟਿਕੋ-ਮਾਰਨਿੰਗ ਕੰਲਸਟ ਦੇ ਬੁੱਧਵਾਰ ਨੂੰ ਜਾਰੀ ਸਰਵੇਖਣ ਮੁਤਾਬਕ, 56 ਫੀਸਦੀ ਵੋਟਰਾਂ ਨੇ ਉਮੀਦ ਜਤਾਈ ਹੈ ਕਿ ਨਵੰਬਰ, 2020 ਦੀਆਂ ਚੋਣਾਂ 'ਚ ਟਰੰਪ ਦੁਬਾਰਾ ਸੱਤਾ 'ਚ ਆਉਣਗੇ। ਹਰ 3 'ਚੋਂ ਇਕ ਤੋਂ ਜ਼ਿਆਦਾ ਡੈਮੋਕ੍ਰੇਟਿਕ ਵੋਟਰਾਂ ਨੇ ਇਸ ਰਾਏ ਨਾਲ ਆਪਣੀ ਸਹਿਮਤੀ ਜਤਾਈ ਹੈ ਜਦਕਿ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਕਰੀਬ 85 ਫੀਸਦ ਸਮਰਥਕਾਂ ਨੇ ਇਸ 'ਤੇ ਆਪਣੀ ਮੋਹਰ ਲਗਾਈ ਹੈ। ਇਸ ਸਰਵੇਖਣ 'ਚ ਕਰੀਬ 55 ਫੀਸਦੀ ਵੋਟਰਾਂ ਨੇ ਟਰੰਪ ਨੂੰ ਨਾਪਸੰਦ ਕੀਤਾ ਹੈ ਜਦਕਿ 63 ਫੀਸਦੀ ਨੇ ਆਖਿਆ ਹੈ ਉਨ੍ਹਾਂ ਦਾ ਦੇਸ਼ ਗਲਤ ਰਾਹ 'ਤੇ ਚਲਾ ਗਿਆ ਹੈ। ਇਹ ਨਤੀਜੇ ਨਵੰਬਰ ਦੇ ਸ਼ੁਰੂ 'ਚ ਕਰੀਬ 1900 ਰਜਿਸਟਰਡ ਵੋਟਰÎਾਂ 'ਤੇ ਕੀਤੇ ਗਏ ਇਕ ਆਨਲਾਈਨ ਸਰਵੇਖਣ ਦੇ ਆਧਾਰ 'ਤੇ ਸਾਹਮਣੇ ਆਏ ਹਨ।

ਆਪਣੇ ਖਿਲਾਫ ਚੱਲ ਰਹੇ ਮਹਾਦੋਸ਼ ਦੀ ਕਾਰਵਾਈ ਤੋਂ ਬੇਪਰਵਾਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸਮਰਥਕਾਂ ਨੂੰ ਆਖਿਆ ਕਿ ਉਹ ਫਿਰ ਤੋਂ ਚੋਣਾਂ ਜਿੱਤਣ ਜਾ ਰਹੇ ਹਨ। ਰਾਸ਼ਟਰਪਤੀ ਨੇ ਬੁੱਧਵਾਰ ਨੂੰ ਇਕ ਰੈਲੀ 'ਚ ਜ਼ਿਕਰ ਕੀਤਾ ਕਿ ਜੇ ਉਹ 2020 ਦੀਆਂ ਚੋਣਾਂ 'ਚ ਫਿਰ ਤੋਂ ਨਹੀਂ ਚੁਣੇ ਗਏ ਤਾਂ ਦੇਸ਼ ਮੰਦੀ ਦੀ ਲਪੇਟ 'ਚ ਆ ਜਾਵੇਗਾ। ਦੱਸ ਦਈਏ ਕਿ ਰਾਸ਼ਟਰਪਤੀ ਟਰੰਪ ਖਿਲਾਫ ਮਹਾਦੋਸ਼ ਜਾਂਚ 'ਚ ਅਗਲੇ ਹਫਤੇ ਤੋਂ ਖੁਲ੍ਹੀ ਸੁਣਵਾਈ ਸ਼ੁਰੂ ਹੋ ਰਹੀ ਹੈ। ਇਸ ਸਿੱਧਾ ਪ੍ਰਸਾਰਣ ਵੀ ਟੀ. ਵੀ. ਚੈਨਲਾਂ 'ਤੇ ਕੀਤਾ ਜਾਵੇਗਾ। ਇਸ ਨਾਲ ਜ਼ਰੂਰ ਡੋਨਾਲਡ ਟਰੰਪ ਦੇ ਅਕਸ ਨੂੰ ਨੁਕਸਾਨ ਪਹੁੰਚੇਗਾ, ਜਿਸ ਦਾ ਖਾਮਿਆਜਾ ਉਨ੍ਹਾਂ ਨੂੰ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ 'ਚ ਭੁਗਤਣਾ ਪੈ ਸਕਦਾ ਹੈ। ਹਾਲਾਂਕਿ ਤਾਜ਼ਾ ਸਰਵੇਖਣ 'ਚ ਟਰੰਪ ਦੇ ਹੱਕ 'ਚ 56 ਫੀਸਦੀ ਵੋਟਰ ਦਿਖਾਈ ਦੇ ਰਹੇ ਹਨ ਪਰ ਕੱਲ ਕੀ ਹੋ ਜਾਵੇ, ਇਸ ਦੇ ਬਾਰੇ 'ਚ ਕੁਝ ਕਿਹਾ ਨਹੀਂ ਜਾ ਸਕਦਾ।

Khushdeep Jassi

This news is Content Editor Khushdeep Jassi