550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਨੇਪਾਲ ਸਰਕਾਰ ਪੱਬਾਂ ਭਾਰ, ਜਾਰੀ ਕਰੇਗੀ ਸਿੱਕੇ ਤੇ ਸਟੈਂਪ

07/15/2019 9:52:49 PM

ਕਾਠਮੰਡੂ (ਏਜੰਸੀ)- ਗੁਰੂ ਨਾਨਕ ਦੇਵ ਜੀ ਦੀ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਪੱਬਾਂ ਭਾਰ ਹੋਈ ਨੇਪਾਲ ਸਰਕਾਰ ਵਲੋਂ ਇਸ ਪਵਿੱਤਰ ਦਿਹਾੜੇ ਮੌਕੇ ਤਿੰਨ ਸਿੱਕੇ ਅਤੇ ਇਕ ਡਾਕ ਟਿਕਟ ਜਾਰੀ ਕੀਤੀ ਜਾਵੇਗੀ। ਗੁਰਦੁਆਰਾ ਗੁਰੂ ਨਾਨਕ ਸਤਿਸੰਗ, ਕੁਪੋਂਡੋਲ, ਕਾਠਮੰਡੂ ਦੇ ਪ੍ਰਧਾਨ ਪ੍ਰੀਤਮ ਸਿੰਘ ਨੇ ਕਿਹਾ ਕਿ ਸਾਡੀਆਂ ਲਗਾਤਾਰ ਕੋਸ਼ਿਸ਼ਾਂ ਸਦਕਾ ਨੇਪਾਲ ਸਰਕਾਰ ਨੇ 100 ਰੁਪਏ, 1000 ਰੁਪਏ ਅਤੇ 2500 ਰੁਪਏ ਦੇ ਸਿੱਕਿਆਂ ਤੋਂ ਇਲਾਵਾ ਇਕ ਡਾਕ ਟਿਕਟ ਜਾਰੀ ਕਰਨ 'ਤੇ ਸਹਿਮਤੀ ਜਤਾਈ ਹੈ।
ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਮੌਕੇ ਇਹ ਸਿੱਕੇ ਅਤੇ ਪੋਸਟਲ ਸਟੈਂਪ ਰਿਲੀਜ਼ ਕੀਤੇ ਜਾਣਗੇ। ਇਸ ਦੌਰਾਨ ਨੇਪਾਲ ਸਰਕਾਰ ਵਲੋਂ ਸਿੱਖ ਲੀਡਰਸ਼ਿਪ ਨੂੰ ਉਹ ਸਿੱਕੇ ਦਿਖਾਏ ਜੋ ਕਿ ਜਾਰੀ ਕੀਤੇ ਜਾਣੇ ਹਨ। ਨੇਪਾਲ ਵਿਚ ਘੱਟ ਗਿਣਤੀ ਸਿੱਖ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਬੰਧੀ ਇਸ ਪੁਰਬ ਨੂੰ ਪੂਰੇ ਉਤਸ਼ਾਹ ਨਾਲ ਮਨਾਉਣਾ ਚਾਹੁੰਦੇ ਹਨ, ਜਿਸ ਸਦਕਾ ਉਨ੍ਹਾਂ ਨੇ ਕਾਠਮੰਡੂ ਵਿਚ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ।

Sunny Mehra

This news is Content Editor Sunny Mehra