ਇਟਲੀ ਵਿਚ ਫਲੂ ਵਾਇਰਸ ਕਾਰਨ 5 ਮਿਲੀਅਨ ਲੋਕ ਬੀਮਾਰ

02/15/2020 8:34:21 AM

ਰੋਮ, (ਕੈਂਥ)— ਪੂਰੀ ਦੁਨੀਆ ਵਿੱਚ ਫਲੂ ਵਾਇਰਸ ਨੇ ਦਹਿਸ਼ਤ ਪਾ ਰੱਖੀ ਹੈ । ਛੂਤ ਦੀ ਬੀਮਾਰੀ ਹੋਣ ਕਾਰਨ ਫਲੂ ਵਾਇਰਸ ਲੋਕਾਂ ਨੂੰ ਬਹੁਤ ਹੀ ਸਹਿਜੇ ਆਪਣਾ ਸ਼ਿਕਾਰ ਬਣਾ ਲੈਂਦੇ ਹਨ। ਵਿਸ਼ਵ ਭਰ 'ਚ ਪਿਛਲੇ 100 ਸਾਲਾਂ ਦੌਰਾਨ ਫਲੂ ਲੱਖਾਂ ਲੋਕਾਂ ਦੀ ਜਾਨ ਲੈ ਚੁੱਕਾ ਹੈ ਤੇ ਇਸ ਤੋਂ ਇਟਲੀ ਵੀ ਨਹੀਂ ਬਚ ਸਕਿਆ ।ਇਟਲੀ ਦੀ ਉੱਚ ਸਿਹਤ ਸੰਸਥਾ ਨੇ ਹਾਲ ਹੀ ਵਿੱਚ ਫਲੂ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ ਜਿਸ ਵਿਚ ਕਿਹਾ ਹੈ ਕਿ ਇਟਲੀ ਵਿੱਚ ਸੰਨ 2018 ਦੌਰਾਨ 12 ਲੱਖ ਅਤੇ 2019 ਵਿਚ 2,768,000 ਲੋਕ ਫਲੂ ਪ੍ਰਭਾਵਿਤ ਹੋਏ ਹਨ ,ਜਿਨ੍ਹਾਂ ਵਿੱਚ ਵਧੇਰੇ ਨਾਬਾਲਗ ਬੱਚੇ ਹਨ।

ਇਸ ਸੰਸਥਾ ਨੇ ਵੀਰਵਾਰ ਨੂੰ ਕਿਹਾ ਕਿ ਇਟਲੀ ਵਿਚ ਫਲੂ ਮਹਾਂਮਾਰੀ ਆਪਣੇ ਸਿਖਰ ਪਾਰ ਕਰ ਗਈ ਹੈ। ਪਿਛਲੇ ਹਫਤੇ ਤਕਰੀਬਨ 7,63,000 ਨਵੇਂ ਕੇਸ ਸਾਹਮਣੇ ਆਏ ਸਨ ਜੋ ਕਿ ਪ੍ਰਕੋਪ ਦੀ ਸ਼ੁਰੂਆਤ ਤੋਂ ਬਾਅਦ ਕੁੱਲ ਮਿਲਾ ਕੇ 5 ਮਿਲੀਅਨ ਹੋ ਗਏ ਹਨ। ਇਸ ਫਲੂ ਨਾਲ ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ ਪ੍ਰਤੀ ਹਜ਼ਾਰ 38.3 ਕੇਸਾਂ ਨਾਲ ਸਭ ਤੋਂ ਪ੍ਰਭਾਵਿਤ ਹੋਏ ਹਨ। ਜ਼ਿਕਰਯੋਗ ਹੈ ਕਿ ਫਲੂ ਇੱਕ ਛੂਤ ਦੀ ਬੀਮਾਰੀ ਹੈ ਜਿਹੜੀ ਕਿ ਇੱਕ ਤੋਂ ਦੂਜੇ ਇਨਸਾਨ ਨੂੰ ਅਕਸਰ ਹੋ ਜਾਂਦੀ ਹੈ। ਇਸ ਬੀਮਾਰੀ ਵਿੱਚ ਮਰੀਜ਼ ਨੂੰ ਤੇਜ਼ ਬੁਖਾਰ, ਨੱਕ ਵਗਣਾ, ਗਲੇ ਵਿੱਚ ਦਰਦ, ਮਾਸਮੇਸ਼ੀਆਂ ਦਾ ਦਰਦ, ਸਿਰ ਦਰਦ, ਖਾਂਸੀ ਆਦਿ ਬੀਮਾਰੀਆਂ ਪਹਿਲਾਂ ਘੇਰਦੀਆਂ ਹਨ ਫਿਰ ਇਹ ਨਿਰੰਤਰ ਮਰੀਜ਼ ਨੂੰ ਜਕੜ ਕੇ ਰੱਖਦੀਆਂ ਹਨ।ਬੱਚਿਆਂ ਨੂੰ ਦਸਤ ਅਤੇ ਉਲਟੀਆਂ ਵੀ ਹੋ ਸਕਦੀਆਂ ਹਨ। ਇਹ ਫਲੂ ਅਕਸਰ ਸਰਦੀਆਂ ਨੂੰ ਹੀ ਜ਼ਿਆਦਾ ਫੈਲਦਾ ਹੈ। ਫਲੂ ਵਾਇਰਸ ਦਾ ਜਿਆਦਾ ਪ੍ਰਕੋਪ ਇਟਲੀ ਦੇ ਜ਼ਿਲਾ ਦਾ ਓਸਤਾ, ਲੰਬਾਰਦੀਆਂ, ਫਰੀਓਲੀ ਵਿਨੇਸ਼ੀਆ ਜੂਲੀਆ,ਇਮਿਲਿਆ ਦੀ ਰੋਮਾਨਾ,ਮਾਰਕੇ ਅਤੇ ਅਬਰੂਸੋ ਵਿੱਚ ਹੈ। ਇਸ ਲਈ ਲੋਕਾਂ ਨੂੰ ਵਧੇਰੇ ਧਿਆਨ ਰੱਖਣ ਲਈ ਵਾਰ-ਵਾਰ ਅਪੀਲ ਕੀਤੀ ਜਾਂਦੀ ਹੈ।