ਮੈਕਸੀਕੋ ਦੀ ਜੇਲ੍ਹ ''ਚ ਭੜਕੀ ਹਿੰਸਾ, 49 ਦੀ ਮੌਤ

02/12/2016 12:57:22 PM


ਮੈਕਸੀਕੋ— ਉੱਤਰੀ ਮੈਕਸੀਕੋ ਤੋਂ ਮਿਲ ਰਹੀਆਂ ਖਬਰਾਂ ਮੁਤਾਬਕ ਮਾਂਟੇਰੇ ਦੀ ਇਕ ਜੇਲ੍ਹ ਵਿਚ ਦੰਗੇ ਭੜਕਣ ਨਾਲ ਉੱਥੇ ਘੱਟੋ-ਘੱਟ 49 ਲੋਕਾਂ ਦੀ ਮੌਤ ਹੋ ਗਈ। ਨੀਵੋ ਲੇਯੋਨ ਸੂਬੇ ਦੇ ਗਵਰਨਰ ਜੇਮੀ ਰੋਡਰੀਗਜ਼ ਨੇ ਕਿਹਾ ਹੈ ਕਿ ਇਸ ਹਿੰਸਾ ਵਿਚ 12 ਲੋਕ ਵੀ ਜ਼ਖਮੀ ਹੋਏ ਹਨ। ਜੇਲ੍ਹ ਦੇ ਬਾਹਰ ਕੈਦੀਆਂ ਦੇ ਰਿਸ਼ਤੇਦਾਰਾਂ ਦੀ ਭੀੜ ਇਕੱਠੀ ਹੋਈ ਹੈ ਕਿਉਂਕਿ ਉਹ ਆਪਣੇ ਰਿਸ਼ਤੇਦਾਰਾਂ ਬਾਰੇ ਜਾਣਕਾਰੀ ਚਾਹੁੰਦੇ ਹਨ। 
ਚਸ਼ਮਦੀਦਾਂ ਅਨੁਸਾਰ ਤੜਕੇ ਹੀ ਜੇਲ੍ਹ ਤੋਂ ਰੌਲੇ-ਰੱਪੇ ''ਤੇ ਧਮਾਕੇ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ। ਇਕ ਇਮਾਰਤ ਵਿਚ ਧੂੰਆਂ ਉੱਠਦਾ ਵੀ ਦਿਖਾਈ ਦੇ ਰਿਹਾ ਹੈ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਥਿਤੀ ਕੰਟਰੋਲ ਵਿਚ ਹੈ ਅਤੇ ਕੋਈ ਵੀ ਕੈਦੀ ਫਰਾਰ ਨਹੀਂ ਹੋਇਆ ਹੈ। ਇਹ ਘਟਨਾ ਅਜਿਹੇ ਸਮੇਂ ਹੋਈ ਹੈ, ਜਦੋਂ ਪੋਪ ਫਰਾਂਸਿਸ ਦੇਸ਼ ਦੇ ਉੱਤਰੀ ਸ਼ਹਿਰ ਸਿਉਡਾਡ ਜਾਰੇਜ ਦੀ ਇਕ ਜੇਲ੍ਹ ਦਾ ਦੌਰਾ ਕਰਨ ਵਾਲੇ ਹਨ। ਇਹ ਇਲਾਕਾ ਡਰੱਗ ਤਸਕਰਾਂ ਦੇ ਵਿਚ ਹਿੰਸਾ ਲਈ ਜਾਣਿਆ ਜਾਂਦਾ ਹੈ। 
ਹਿੰਸਾ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਪਰ ਇਕ ਖ਼ਬਰ ਵਿਚ ਕਿਹਾ ਗਿਆ ਹੈ ਕਿ ਜੇਟਾਸ ਡਰੱਗ ਮਾਫੀਆ ਦੇ ਗੁੱਟ ਨਾਲ ਸੰਬੰਧਤ ਇਕ ਕੈਦੀ ਦੇ ਜੇਲ੍ਹ ਤੋਂ ਫਰਾਰ ਹੋਣ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਇਹ ਹਿੰਸਾ ਭੜਕੀ। ਮੈਕਸੀਕੋ ਵਿਚ ਡਰੱਗ ਮਾਫੀਆਂ ਦੇ ਵਿਚ ਹਿੰਸਾ ਅਤੇ ਜੇਲ੍ਹ ਤੋੜਨ ਦੀਆਂ ਘਟਨਾਵਾਂ ਆਮ ਹਨ। ਸਾਲ 2013 ਵਿਚ ਹੋਈ ਇਸ ਤਰ੍ਹਾਂ ਦੀ ਹਿੰਸਾ ਵਿਚ 13 ਲੋਕ ਮਾਰੇ ਗਏ ਸਨ। ਇਕ ਸਾਲ ਪਹਿਲਾਂ ਮੋਂਟੇਰੇ ਦੀ ਅਪੋਡਾਕਾ ਜੇਲ੍ਹ ਵਿਚ ਹੋਈ ਹਿੰਸਾ ਵਿਚ 44 ਕੈਦੀ ਮਾਰੇ ਗਏ ਸਨ, ਜਦੋਂ 30 ਫਰਾਰ ਹੋ ਗਏ ਸਨ।

Kulvinder Mahi

This news is News Editor Kulvinder Mahi