''ਹਗਿਬੀਸ'' ਕਾਰਨ ਗੁਲਾਬੀ ਹੋਇਆ ਜਾਪਾਨ ਦਾ ਆਸਮਾਨ, 42 ਲੱਖ ਲੋਕਾਂ ਨੇ ਛੱਡਿਆ ਘਰ

10/12/2019 7:42:00 PM

ਟੋਕੀਓ— ਜਾਪਾਨ 'ਚ 60 ਸਾਲ ਦੇ ਸਭ ਤੋਂ ਤਾਕਤਵਰ ਤੂਫਾਨ ਹਗਿਬੀਸ ਦੇ ਕਾਰਨ ਲੋਕਾਂ 'ਚ ਡਰ ਦਾ ਮਾਹੌਲ ਹੈ। ਹੁਣ ਤੱਕ 42 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਚੁੱਕਿਆ ਹੈ। ਮਿਲੀ ਜਾਣਕਾਰੀ ਮੁਤਾਬਕ ਤੂਫਾਨ ਕਾਰਨ ਜਾਪਾਨ 'ਚ 180 ਕਿਲੋਮੀਟਰ ਤੱਕ ਦੀਆਂ ਹਵਾਵਾਂ ਚੱਲ ਰਹੀਆਂ ਹਨ।

'ਹਗਿਬੀਸ' ਤੂਫਾਨ ਦੇ ਅਸਰ ਨਾਲ ਰਾਜਧਾਨੀ ਟੋਕੀਓ ਦਾ ਆਸਮਾਨ ਗੁਲਾਬੀ ਤੇ ਬੈਂਗਨੀ ਹੋ ਗਿਆ ਹੈ। ਫਿਲਪੀਨ ਨੇ ਇਸ ਤੂਫਾਨ ਨੂੰ ਹਗਿਬੀਸ ਨਾਂ ਦਿੱਤਾ ਹੈ। ਉਥੋਂ ਦੀ ਭਾਸ਼ਾ 'ਚ ਇਸ ਦਾ ਮਤਲਬ ਰਫਤਾਰ ਹੁੰਦਾ ਹੈ। ਦੱਸ ਦਈਏ ਕਿ ਜਾਪਾਨ 'ਚ 1958 'ਚ ਇਸੇ ਤਰ੍ਹਾਂ ਦੇ ਤੂਫਾਨ ਨਾਲ ਭਾਰੀ ਤਬਾਹੀ ਮਚੀ ਸੀ।

ਉਸ ਵੇਲੇ ਭਿਆਨਕ ਤੂਫਾਨ ਦੇ ਕਾਰਨ 1200 ਲੋਕ ਮਾਰੇ ਗਏ ਸਨ ਤੇ ਹਜ਼ਾਰਾਂ ਲੋਕ ਬੇਘਰ ਹੋਏ ਸਨ। 180 ਕਿਲੋਮੀਟਰ ਦੀ ਰਫਤਾਰ ਦੀਆਂ ਹਵਾਵਾਂ ਨੇ ਤਬਾਹੀ ਸ਼ੁਰੂ ਕਰ ਦਿੱਤੀ ਹੈ। ਤੇਜ਼ ਹਵਾਵਾਂ ਕਾਰਨ ਕਈ ਗੱਡੀਆਂ ਸੜਕ 'ਤੇ ਪਲਟ ਗਈਆਂ। ਨਾਲ ਹੀ ਇਕ ਵਿਅਕਤੀ ਦੇ ਮਾਰੇ ਜਾਣ ਦੀ ਵੀ ਸੂਚਨਾ ਹੈ। ਜਾਪਾਨ ਦੀ ਸਰਕਾਰ ਨੇ ਹੜ੍ਹ ਤੇ ਲੈਂਡਸਲਾਈਡ ਦੇ ਖਦਸ਼ੇ ਦੇ ਚਲਦੇ ਤੱਟੀ ਇਲਾਕਿਆਂ ਨੂੰ ਖਾਲੀ ਕਰਾ ਦਿੱਤਾ ਹੈ। ਸਾਰੀਆਂ ਹਵਾਈ ਸੇਵਾਵਾਂ ਨੂੰ ਟਾਲ ਦਿੱਤਾ ਗਿਆ ਹੈ। ਜਾਪਾਨੀ ਕੰਪਨੀਆਂ ਨੇ 1929 ਅੰਤਰਰਾਸ਼ਟਰੀ ਤੇ ਘਰੇਲੂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਰੇਲ ਨੈੱਟਵਰਕ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਘਰਾਂ 'ਚ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਸਰਕਾਰ ਨੇ ਐਮਰਜੰਸੀ ਸੇਵਾਵਾਂ ਨੂੰ ਹਾਈ ਅਲਰਟ 'ਤੇ ਰੱਖਿਆ ਹੈ। ਜਾਪਾਨ ਦੇ ਰਗਬੀ ਵਿਸ਼ਵ ਕਪ ਦੇ ਸਾਰੇ ਮੈਚ ਰੱਦ ਕਰਕੇ ਖਿਡਾਰੀਆਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ।

Baljit Singh

This news is Content Editor Baljit Singh