ਨਾਈਜ਼ੀਰੀਆਈ ਫੌਜ ਦੇ ਹਮਲੇ ''ਚ 35 ਲੋਕਾਂ ਦੀ ਮੌਤ

01/30/2018 9:56:26 AM

ਅਬੁਜਾ(ਭਾਸ਼ਾ)— ਨਾਈਜ਼ੀਰੀਆ ਦੇ ਪੂਰਬੀ-ਉਤਰੀ ਰਾਜ ਅਦਾਮਾਵਾ ਦੇ ਪੇਂਡੂ ਇਲਾਕਿਆਂ ਵਿਚ ਨਾਈਜ਼ੀਰੀਆਈ ਹਵਾਈ ਫੌਜ ਵੱਲੋਂ ਕੀਤੇ ਗਏ ਹਮਲਿਆਂ ਵਿਚ ਘੱਟ ਤੋਂ ਘੱਟ 35 ਲੋਕ ਮਾਰੇ ਗਏ ਹਨ। ਮਨੁੱਖੀ ਅਧਿਕਾਰਾਂ ਨਾਲ ਸਬੰਧਤ ਲੰਡਨ ਸਥਿਤ ਗੈਰ ਸਰਕਾਰੀ ਸੰਗਠਨ ਅਮਨੈਸਟੀ ਇੰਟਰਨੈਸ਼ਨਲ ਨੇ ਅੱਜ ਇਕ ਰਿਪੋਰਟ ਜਾਰੀ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਬੀਤੇ ਸਾਲ ਦਸੰਬਰ ਮਹੀਨੇ ਦੌਰਾਨ ਕੀਤੇ ਗਏ ਹਮਲਿਆਂ ਵਿਚ 35 ਲੋਕਾਂ ਦੀ ਮੌਤ ਹੋਈ ਹੈ। ਰਿਪੋਰਟ ਮੁਤਾਬਕ ਪੇਂਡੂ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਲੜਾਕੂ ਜਹਾਜ਼ ਸਮੇਤ ਹਵਾਈ ਫੌਜ ਦੇ ਕਈ ਹੈਲੀਕਾਪਟਰਾਂ ਨੇ ਉਨ੍ਹਾਂ 'ਤੇ ਹਮਲੇ ਕੀਤੇ। ਨਾਈਜ਼ੀਰੀਆ ਵਿਚ ਅਮਨੈਸਟੀ ਦੀ ਪ੍ਰਮੁੱਖ ਓਸਾਈ ਓਜੀਘੋ ਨੇ ਇਸ ਰਿਪੋਰਟ ਵਿਚ ਕਿਹਾ ਕਿ ਕਾਨੂੰਨ ਲਾਗੂ ਕਰਵਾਉਣ ਲਈ ਹਵਾਈ ਹਮਲੇ ਕਰਨਾ ਕੋਈ ਵਿਕਲਪ ਨਹੀਂ। ਓਜੀਘੋ ਨੇ ਕਿਹਾ ਕਿ ਨਾਈਜ਼ੀਰੀਆਈ ਫੌਜ ਵੱਲੋਂ ਜਨਤਾ 'ਤੇ ਇਸ ਤਰ੍ਹਾਂ ਨਾਲ ਹਵਾਈ ਹਮਲੇ ਕਰਨਾ ਬਹੁਤ ਹੀ ਹੈਰਾਨ ਕਰਨ ਵਾਲਾ ਹੈ।
ਫੌਜ ਦਾ ਕੰਮ ਦੇਸ਼ ਦੇ ਲੋਕਾਂ ਦੀ ਰੱਖਿਆ ਕਰਨਾ ਹੈ। ਅਮਨੈਸਟੀ ਇੰਟਰਨੈਸ਼ਨਲ ਦੀ ਇਹ ਰਿਪੋਰਟ ਮਨੁੱਖੀ ਅਧਿਕਾਰਾਂ ਦੇ ਮੁੱਦੇ 'ਤੇ ਫੌਜ ਲਈ ਇਕ ਨਵੀਂ ਚੁਣੌਤੀ ਹੈ। ਇਨ੍ਹਾਂ ਹਮਲਿਆਂ ਨਾਲ ਚਰਵਾਹਿਆਂ ਅਤੇ ਕਿਸਾਨਾਂ ਵਿਚਕਾਰ ਇਕ ਘਾਤਕ ਸੰਕਟ ਦਾ ਸੰਕੇਤ ਮਿਲਦਾ ਹੈ, ਜੋ ਸਰਕਾਰੀ ਨਿਯੰਤਰਨ ਤੋਂ ਬਾਹਰ ਜਾ ਰਿਹਾ ਹੈ। ਨਾਈਜ਼ੀਰੀਆਈ ਹਵਾਈ ਸੈਨਾ ਦੇ ਬੁਲਾਰੇ ਓਲਾਟੋਕੁਨਬੋ ਅਦੇਸਾਨਿਆ ਨੇ ਇਸ ਪ੍ਰਕਾਸ ਦੇ ਕਿਸੇ ਵੀ ਹਮਲੇ ਤੋਂ ਇਨਕਾਰ ਕੀਤਾ ਹੈ।