ਕੈਨੇਡਾ ਨੇ 3 ਹਜ਼ਾਰ ਤੋਂ ਵੱਧ ਅਮਰੀਕੀਆਂ ਨੂੰ ਸਰਹੱਦ ਤੋਂ ਹੀ ਦਿਖਾਇਆ ਵਾਪਸੀ ਦਾ ਰਾਹ

10/11/2020 8:24:39 AM

ਟੋਰਾਂਟੋ- ਕੈਨੇਡਾ-ਅਮਰੀਕਾ ਸਰਹੱਦ ਨੂੰ ਇਸ ਸਾਲ ਕੋਰੋਨਾ ਖਤਰੇ ਤੋਂ ਬਚਾਅ ਦੇ ਮੱਦੇਨਜ਼ਰ ਬੰਦ ਕਰ ਦਿੱਤਾ ਗਿਆ ਸੀ ਅਤੇ ਗੈਰ-ਜ਼ਰੂਰੀ ਯਾਤਰਾ ਕਰਨ ਵਾਲਿਆਂ ਨੂੰ ਵਾਪਸ ਭੇਜਿਆ ਗਿਆ। 
ਸਰਹੱਦ ਬੰਦ ਹੋਣ ਦੇ ਬਾਵਜੂਦ ਲੋਕ ਸ਼ਾਪਿੰਗਾਂ ਜਾਂ ਘੁੰਮਣ-ਫਿਰਨ ਲਈ ਕੈਨੇਡਾ ਆਉਣ ਦੀਆਂ ਕੋਸ਼ਿਸ਼ਾਂ ਵਿਚ ਰਹੇ। ਇਸ ਗੱਲ ਦੀ ਜਾਣਕਾਰੀ ਕੈਨੇਡਾ ਸਰਹੱਦ ਸੇਵਾ ਏਜੰਸੀ ਨੇ ਸਾਂਝੀ ਕੀਤੀ ਤੇ ਦੱਸਿਆ ਕਿ ਉਨ੍ਹਾਂ ਨੇ ਲਗਭਗ 3,441 ਯਾਤਰੀਆਂ ਨੂੰ ਵਾਪਸ ਅਮਰੀਕਾ ਭੇਜ ਦਿੱਤਾ ਤੇ ਕੈਨਡਾ ਵਿਚ ਦਾਖਲ ਨਹੀਂ ਹੋਣ ਦਿੱਤਾ। 

ਜਾਣਕਾਰੀ ਮੁਤਾਬਕ 22 ਮਾਰਚ ਤੋਂ 2 ਅਕਤੂਬਰ ਤੱਕ 22,414 ਵਿਦੇਸ਼ੀ ਲੋਕਾਂ ਨੂੰ ਹਵਾਈ ਆਵਾਜਾਈ, ਸੜਕ ਆਵਾਜਾਈ ਜਾਂ ਪਾਣੀ ਰਾਹੀਂ ਕੈਨੇਡਾ ਆਉਣ ਤੋਂ ਰੋਕਿਆ ਗਿਆ, ਜਿਨ੍ਹਾਂ ਵਿਚੋਂ 87 ਫੀਸਦੀ ਅਮਰੀਕੀ ਸਨ। ਬਾਕੀ 13 ਫੀਸਦੀ ਲੋਕ ਵਿਦੇਸ਼ਾਂ ਦੇ ਸਨ, ਜਿਹੜੇ ਕੈਨੇਡਾ ਜਾਂ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਵਿਚ ਸਨ। 
ਅਧਿਕਾਰੀਆਂ ਨੇ ਦੱਸਿਆ ਕਿ ਪਾਬੰਦੀਆਂ ਦੇ ਬਾਵਜੂਦ ਕੈਨੇਡੀਅਨ ਲੋਕਾਂ ਨੇ ਕੌਮਾਂਤਰੀ ਸਫਰ ਜਾਰੀ ਰੱਖੇ। ਸੀ. ਬੀ. ਐੱਸ. ਏ. ਦੇ ਰਿਕਾਰਡ ਮੁਤਾਬਕ 28 ਸਤੰਬਰ ਤੋਂ 4 ਅਕਤੂਬਰ ਤੱਕ ਰਿਕਾਰਡ 54,934 ਯਾਤਰੀਆਂ ਨੇ ਸਫ਼ਰ ਕੀਤਾ, ਜਿਨ੍ਹਾਂ ਵਿਚੋਂ 66 ਫੀਸਦੀ ਨੇ ਹਵਾਈ ਆਵਾਜਾਈ ਰਾਹੀਂ ਸਫਰ ਕੀਤਾ। ਹਾਲਾਂਕਿ 2019 ਦੇ ਮੁਕਾਬਲੇ ਇਸ ਵਾਰ ਸੈਰ-ਸਪਾਟੇ ਦੀ ਦਰ 92 ਫੀਸਦੀ ਘੱਟ ਰਹੀ ਹੈ। ਫਿਲਹਾਲ ਕੈਨੇਡਾ ਵਿਚ ਇਹ ਨਿਯਮ ਹੈ ਕਿ ਜੇਕਰ ਕੋਈ ਵੀ ਵਿਅਕਤੀ ਵਿਦੇਸ਼ ਤੋਂ ਆਉਂਦਾ ਹੈ ਤਾਂ ਉਸ ਨੂੰ ਕੈਨੇਡਾ ਆਉਂਦਿਆਂ ਹੀ 14 ਦਿਨਾਂ ਲਈ ਇਕਾਂਤਵਾਸ ਵਿਚ ਰਹਿਣਾ ਪਵੇਗਾ। 

Sanjeev

This news is Content Editor Sanjeev