ਹਾਂਗਕਾਂਗ ’ਚ ਵਿਰੋਧ ਪ੍ਰਦਰਸ਼ਨ ਦੌਰਾਨ 336 ਲੋਕ ਗ੍ਰਿਫਤਾਰ

12/28/2019 10:15:17 AM

ਹਾਂਗਕਾਂਗ- ਕ੍ਰਿਸਮਸ ਛੁੱਟੀ ਦੌਰਾਨ ਵੀ ਹਾਂਗਕਾਂਗ ’ਚ ਲੋਕਤੰਤਰ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਜਾਰੀ ਰਹੇ ਅਤੇ ਇਸ ਦੌਰਾਨ ਪੁਲਸ ਨੇ 336 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਮੁਖੀ ਦੇ ਬੁਲਾਰੇ ਵੋਕ ਕਾਚੂਅਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੋਮਵਾਰ ਤੋਂ ਵੀਰਵਾਰ ਦੇ ਦਰਮਿਆਨ ਗ੍ਰਿਫਤਾਰ ਕੀਤੇ ਗਏ ਲੋਕਾਂ ’ਚ 92 ਔਰਤਾਂ ਅਤੇ 12 ਨਾਬਾਲਿਗ ਸ਼ਾਮਲ ਹਨ।

 

ਦੇਸ਼ ’ਚ ਵਿਰੋਧ ਪ੍ਰਦਰਸ਼ਨਾਂ ਦੌਰਾਨ ਹਿਰਾਸਤ ’ਚ ਲਏ ਗਏ ਲੋਕਾਂ ਦੀ ਗਿਣਤੀ 7000 ਦੇ ਕਰੀਬ ਪਹੁੰਚ ਗਈ ਹੈ। ਇਸ ’ਚ ਵੱਡੀ ਗਿਣਤੀ ’ਚ ਵਿਦਿਆਰਥੀ ਸ਼ਾਮਲ ਹਨ। ਕੁਝ ਪ੍ਰਦਰਸ਼ਨਕਾਰੀ ਸਾਂਤਾ ਕਲਾਜ਼ ਦੀ ਟੋਪੀ ਪਹਿਨੇ ਹੋਏ ਸਨ ਅਤੇ ਉਨ੍ਹਾਂ ਦੀ ਪੁਲਸ ਨਾਲ ਝੜਪ ਹੋਈ। ਵੋਕ ਨੇ ਸ਼ਾਪਿੰਗ ਸੈਂਟਰ ਅਤੇ ਰੈਸਟੋਰੈਂਟ ’ਚ ਆਮ ਨਾਗਰਿਕਾਂ ’ਤੇ ਹਮਲੇ ਅਤੇ ਸਬ ਵੇ ਸਟੇਸ਼ਨਾਂ, ਬੈਂਕਾਂ, ਅਤੇ ਇਲੈਕਟ੍ਰੀਕਲੀ ਗ੍ਰਿਡ ਵਰਗੀਆਂ ਜਨਤਕ ਜਾਇਦਾਦਾਂ ਦੀ ਭੰਨ-ਤੋੜ ਦੀ ਨਿੰਦਾ ਕੀਤੀ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਪ੍ਰਦਰਸ਼ਨਕਾਰੀਆਂ ਦੀ ਯੋਜਨਾ ਵੱਖ ਮੱਤ ਰੱਖਣ ਵਾਲਿਆਂ ਦੀ ਆਵਾਜ਼ ਬੰਦ ਕਰਨਾ ਅਤੇ ਜਨਤਾ ਨੂੰ ਡਰਾਉਣਾ ਹੈ। ਜੋ ਵੀ ਹਿੰਸਾ ਤੋਂ ਸਹਿਮਤ ਨਹੀਂ ਹੈ, ਉਨ੍ਹਾਂ ਦੇ ਨਾਲ ਹਿੰਸਾ ਹੁੰਦੀ ਹੈ।