ਮਿਸਰ ''ਚ ਵਾਪਰੇ ਸੜਕੀ ਹਾਦਸੇ ''ਚ ਹੋਈ 3 ਭਾਰਤੀਆਂ ਦੀ ਮੌਤ ਤੇ 13 ਜ਼ਖਮੀ

12/29/2019 4:37:16 PM

ਕਾਹਿਰਾ- ਮਿਸਰ ਦੀ ਸੁਈਸ ਗਵਰਨੇਟ ਵਿਚ ਸੈਲਾਨੀਆਂ ਨੂੰ ਲਿਜਾ ਰਹੀਆਂ ਦੋ ਬੱਸਾਂ ਦੀ ਇਕ ਟਰੱਕ ਨਾਲ ਟੱਕਰ ਹੋਣ ਤੋਂ ਬਾਅਦ ਤਿੰਨ ਭਾਰਤੀਆਂ ਦੀ ਮੌਤ ਹੋ ਗਈ ਤੇ 13 ਹੋਰ ਜ਼ਖਮੀ ਹੋ ਗਏ। ਭਾਰਤੀ ਦੂਤਘਰ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। 
ਬੱਸਾਂ ਸ਼ਨੀਵਾਰ ਨੂੰ ਹੁਰਗਦਾ ਸ਼ਹਿਰ ਵੱਲ ਜਾ ਰਹੀਆਂ ਸਨ ਪਰ ਰਸਤੇ ਵਿਚ ਐਨ ਸੁਖਨਾ ਸ਼ਹਿਰ ਦੇ ਕੋਲ ਬੱਸਾਂ ਦੀ ਇਕ ਟਰੱਕ ਨਾਲ ਟੱਕਰ ਹੋ ਗਈ। ਮਿਸਰ ਵਿਚ ਭਾਰਤੀ ਦੂਤਘਰ ਨੇ ਕਿਹਾ ਕਿ ਸਾਨੂੰ ਇਹ ਸੂਚਨਾ ਦਿੰਦਿਆਂ ਦੁੱਖ ਹੋ ਰਿਹਾ ਹੈ ਕਿ 28 ਦਸੰਬਰ ਨੂੰ ਐਨ ਸੁਖਨਾ ਦੇ ਕੋਲ ਹੋਏ ਬੱਸ ਹਾਦਸੇ ਵਿਚ ਤਿੰਨ ਭਾਰਤੀ ਨਾਗਰਿਕਾਂ ਦੀ ਜਾਨ ਚਲੀ ਗਈ ਹੈ। ਘਟਨਾ ਵਿਚ ਜ਼ਖਮੀ ਹੋਣ ਵਾਲੇ ਹੋਰ ਲੋਕਾਂ ਦਾ ਇਲਾਜ ਵੱਖ-ਵੱਖ ਹਸਪਤਾਲਾਂ ਵਿਚ ਚੱਲ ਰਿਹਾ ਹੈ। ਦੂਤਘਰ ਨੇ ਦੱਸਿਆ ਕਿ ਮ੍ਰਿਤਕਾਂ ਤੇ ਜ਼ਖਮੀਆਂ ਦੇ ਪਰਿਵਾਰ ਵਾਲਿਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੂੰ ਹਰ ਮੁਮਕਿਨ ਸਹਾਇਤਾ ਦਿੱਤੀ ਜਾ ਰਹੀ ਹੈ। ਉਸ ਨੇ ਦੱਸਿਆ ਕਿ ਦੂਤਘਰ ਦੇ ਅਧਿਕਾਰੀ ਹਸਪਤਾਲਾਂ ਵਿਚ ਮੌਜੂਦ ਹਨ ਤੇ ਹਸਪਤਾਲ ਅਧਿਕਾਰੀਆਂ ਨਾਲ ਸੰਪਰਕ ਵਿਚ ਹਨ।
ਸਥਾਨਕ ਮੀਡੀਆ ਦੇ ਮੁਤਾਬਕ ਮ੍ਰਿਤਕਾਂ ਵਿਚ ਦੋ ਮਲੇਸ਼ੀਆਈ ਤੇ ਤਿੰਨ ਮਿਸਰ ਦੇ ਨਾਗਰਿਕ ਹਨ। 20 ਤੋਂ ਵਧੇਰੇ ਲੋਕ ਜ਼ਖਮੀ ਹੋਏ ਹਨ ਤੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਿਸਰ ਵਿਚ ਖਰਾਬ ਸੜਕਾਂ ਤੇ ਖਰਾਬ ਆਵਾਜਾਈ ਨਿਯਮ ਮੁੱਖ ਰੂਪ ਨਾਲ ਸੜਕ ਹਾਦਸੇ ਹੋਣ ਦਾ ਕਾਰਨ ਹਨ। 

Baljit Singh

This news is Content Editor Baljit Singh