ਮਾਨਚੈਸਟਰ ਹਮਲੇ ਸਬੰਧੀ 3 ਗ੍ਰਿਫਤਾਰ

05/25/2017 2:17:03 AM

ਲੰਡਨ-ਬਰਤਾਨੀਆ ਦੇ ਮਾਨਚੈਸਟਰ ਵਿਖੇ ਬੀਤੇ ਦਿਨੀਂ ਇਕ ਸੰਗੀਤ ਪ੍ਰੋਗਰਾਮ ਦੌਰਾਨ ਹੋਏ ਬੰਬ ਧਮਾਕੇ ਸਬੰਧੀ ਪੁਲਸ ਨੇ ਬੁੱਧਵਾਰ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ। ਗ੍ਰੇਟਰ ਮਾਨਚੈਸਟਰ ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਤਿੰਨੋਂ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ। 
ਬਰਤਾਨਵੀ ਪ੍ਰਧਾਨ ਮੰਤਰੀ ਟੇਰੇਸਾ ਮੇ ਨੇ ਕਿਹਾ ਹੈ ਕਿ ਦੇਸ਼ ਵਿਚ ਅੱਤਵਾਦ ਦੇ ਖਤਰੇ ਨੂੰ ਸਭ ਤੋਂ ਉੱਚੇ ਪੱਧਰ ਤੱਕ ਵਧਾ ਦਿੱਤਾ ਗਿਆ ਹੈ ਅਤੇ ਸਰਕਾਰ ਸੜਕਾਂ 'ਤੇ ਫੌਜ ਉਤਾਰਨ ਦੀ ਤਿਆਰੀ ਕਰ ਰਹੀ ਹੈ। 
ਉਕਤ ਬਿਆਨ ਤੋਂ ਇਹ ਡਰ ਪ੍ਰਗਟ ਕੀਤਾ ਗਿਆ ਹੈ ਕਿ ਦੇਸ਼ ਵਿਚ ਦੂਜਾ ਅੱਤਵਾਦੀ ਹਮਲਾ ਹੋਣ ਦਾ ਡਰ ਹੈ। ਪ੍ਰਧਾਨ ਮੰਤਰੀ ਨੇ 2007 ਤੋਂ ਬਾਅਦ ਹੁਣ ਤੱਕ ਪਹਿਲੀ ਵਾਰ ਖਤਰੇ ਦੇ ਪੱਧਰ ਨੂੰ ਇੰਨਾ ਉਪਰ ਕੀਤਾ ਹੈ। 
ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਨਚੈਸਟਰ ਦੇ ਆਤਮਘਾਤੀ ਹਮਲੇ ਸਬੰਧੀ ਸੁਰੱਖਿਆ ਫੋਰਸਾਂ ਦੇ ਜਵਾਨ ਇਸ ਗੱਲ ਦੇ ਡਰ ਤੋਂ ਇਨਕਾਰ ਨਹੀਂ ਕਰਦੇ ਕਿ ਇਸ ਆਤਮਘਾਤੀ ਹਮਲੇ ਨੂੰ ਸਲਮਾਨ ਅਬੇਦੀ ਨਾਮੀ ਇਕੱਲੇ ਅੱਤਵਾਦੀ ਨੇ ਅੰਜਾਮ ਦਿੱਤਾ ਹੋਵੇਗਾ। ਖਤਰੇ ਦੇ ਪੱਧਰ ਨੂੰ ਵਧਾਉਣ ਦਾ ਮਤਲਬ ਕਿਸੇ ਹੋਰ ਅੱਤਵਾਦੀ ਹਮਲੇ ਦੇ ਹੋਣ ਦਾ ਡਰ ਹੈ। ਪ੍ਰਮੁੱਖ ਥਾਵਾਂ ਨੂੰ ਸੁਰੱਖਿਅਤ ਰੱਖਣ ਲਈ ਫੌਜ ਤਾਇਨਾਤ ਕੀਤੀ ਜਾਏਗੀ। ਪ੍ਰਧਾਨ ਮੰਤਰੀ ਨੇ ਬੁੱਧਵਾਰ ਤੜਕੇ ਦੇਸ਼ ਵਾਸੀਆਂ ਦੇ ਨਾਂ ਆਪਣੇ ਪ੍ਰਸਾਰਣ 'ਚ ਕਿਹਾ ਕਿ ਮਾਨਚੈਸਟਰ ਹਮਲੇ ਪਿੱਛੇ ਲੋਕਾਂ ਦਾ ਇਕ ਵੱਡਾ ਗਰੁੱਪ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਬਰਤਾਨਵੀ ਸੜਕਾਂ 'ਤੇ 5000 ਫੌਜੀ ਤਾਇਨਾਤ ਕੀਤੇ ਜਾਣਗੇ।