ਆਸਟ੍ਰੇਲੀਆ 'ਚ ਘਰ 'ਚੋਂ ਲਟਕਦੀ ਮਿਲੀ ਭਾਰਤੀ ਨੌਜਵਾਨ ਦੀ ਲਾਸ਼

02/06/2019 1:06:04 PM

ਸਿਡਨੀ, (ਏਜੰਸੀ)— ਆਸਟ੍ਰੇਲੀਆ 'ਚ ਰਹਿ ਰਹੇ ਇਕ ਭਾਰਤੀ ਨੌਜਵਾਨ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਉਹ ਸਿਡਨੀ ਦੇ ਲਿਵਰਪੂਲ ਇਲਾਕੇ 'ਚ ਰਹਿੰਦਾ ਸੀ। ਉਸ ਦੀ ਪਛਾਣ ਗੁਰਪ੍ਰੀਤ ਸਿੰਘ (27) ਵਜੋਂ ਹੋਈ ਹੈ, ਜੋ ਹਰਿਆਣੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਪੁਲਸ ਨੂੰ ਉਸ ਦੀ ਲਾਸ਼ ਘਰ ਦੀਆਂ ਪੌੜੀਆਂ ਨਾਲ ਬਣੀ ਗਰਿੱਲ ਨਾਲ ਲਟਕਦੀ ਹੋਈ ਮਿਲੀ। ਇਸ ਨੂੰ ਫਿਲਹਾਲ ਖੁਦਕੁਸ਼ੀ ਹੀ ਮੰਨਿਆ ਜਾ ਰਿਹਾ ਹੈ ਪਰ ਫਿਰ ਵੀ ਪੁਲਸ ਵਲੋਂ ਉਸ ਦੇ ਦੋਸਤਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।

ਗੁਰਪ੍ਰੀਤ ਬਿਜ਼ਨਸ ਮੈਨੇਜਮੈਂਟ ਦੀ ਪੜ੍ਹਾਈ ਲਈ ਪਹੋਵਾ (ਹਰਿਆਣਾ) ਤੋਂ ਸਾਲ 2015 ਵਿੱਚ ਆਸਟ੍ਰੇਲੀਆ ਆਇਆ ਸੀ। ਉਸ ਦੀ ਮੌਤ ਦਾ ਪਤਾ ਐਤਵਾਰ ਬਾਅਦ ਦੁਪਹਿਰ ਨੂੰ ਲੱਗਾ। ਪੁਲਸ ਨੇ ਮ੍ਰਿਤਕ ਦੇਹ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਗੁਰਪ੍ਰੀਤ ਦਾ ਖੁਦਕੁਸ਼ੀ ਨੋਟ ਮਿਲਿਆ ਹੈ, ਜਿਸ 'ਚ ਉਸ ਨੇ ਆਪਣੀ ਆਖ਼ਰੀ ਇੱਛਾ ਮ੍ਰਿਤਕ ਸਰੀਰ ਨੂੰ ਆਪਣੇ ਜੱਦੀ ਘਰ ਭੇਜਣ ਬਾਰੇ ਲਿਖਿਆ ਹੈ। ਉਸ ਦੇ ਕੁਝ ਦੋਸਤਾਂ ਨੇ ਦੱਸਿਆ ਕਿ ਉਹ ਫਿਲਮ ਦੇਖਣ ਗਏ ਸਨ ਅਤੇ ਇਸ ਮਗਰੋਂ ਉਨ੍ਹਾਂ ਨੂੰ ਇਹ ਮਨਹੂਸ ਖਬਰ ਮਿਲੀ। ਉਨ੍ਹਾਂ ਕਿਹਾ ਕਿ ਉਹ ਸੋਚ ਵੀ ਨਹੀਂ ਸਕਦੇ ਸਨ ਕਿ ਗੁਰਪ੍ਰੀਤ ਅਜਿਹਾ ਕਦਮ ਚੁੱਕੇਗਾ। ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ।

ਜਾਣਕਾਰੀ ਮੁਤਾਬਕ ਗੁਰਪ੍ਰੀਤ ਪੜ੍ਹਾਈ ਦੇ ਨਾਲ-ਨਾਲ ਟਰੱਕ ਵੀ ਚਲਾਉਂਦਾ ਸੀ। ਗੁਰਪ੍ਰੀਤ ਆਪਣੇ ਮਾਂ-ਬਾਪ ਅਤੇ ਭਰਾ ਦਾ ਸਹਾਰਾ ਸੀ, ਉਸ ਦੇ ਭਰਾ ਨੂੰ ਉਸ ਦੀ ਮੌਤ ਦੀ ਖਬਰ ਦੇ ਦਿੱਤੀ ਗਈ ਹੈ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ।