ਟੋਰਾਂਟੋ ''ਚ 26 ਸਾਲਾ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ, ਦੋਸ਼ੀ ਫਰਾਰ

03/18/2018 10:45:38 AM

ਟੋਰਾਂਟੋ— ਕੈਨੇਡਾ ਦੇ ਸ਼ਹਿਰ ਟੋਰਾਂਟੋ 'ਚ ਬੀਤੇ ਸ਼ੁੱਕਰਵਾਰ ਨੂੰ ਗੋਲੀਬਾਰੀ 'ਚ ਇਕ 26 ਸਾਲਾ ਨੌਜਵਾਨ ਦੀ ਮੌਤ ਹੋ ਗਈ। ਪੈਰਾ-ਮੈਡੀਕਲ ਅਤੇ ਪੁਲਸ ਨੂੰ ਫੋਨ 'ਤੇ ਘਟਨਾ ਦੀ ਸੂਚਨਾ ਮਿਲੀ। ਪੁਲਸ ਮੁਤਾਬਕ ਉਨ੍ਹਾਂ ਨੂੰ ਰਿਪੋਰਟ ਮਿਲੀ ਕਿ ਸਕਾਰਲੇਟਵੁੱਡ ਕੋਰਟ ਆਫ ਸਕਾਟਲੇਟ ਰੋਡ ਅਤੇ ਸਾਊਥ ਆਫ ਲਾਰੈਂਸ ਐਵੇਨਿਊ 'ਤੇ ਰਾਤ ਤਕਰੀਬਨ 11.00 ਵਜੇ ਗੋਲੀਬਾਰੀ ਹੋਈ। ਪੁਲਸ ਜਦੋਂ ਘਟਨਾ ਵਾਲੀ ਥਾਂ 'ਤੇ ਪੁੱਜੀ ਤਾਂ ਉਨ੍ਹਾਂ ਨੇ ਉਕਤ ਨੌਜਵਾਨ ਨੂੰ ਦੇਖਿਆ ਪਰ ਉਸ ਦੀ ਮੌਕੇ 'ਤੇ ਮੌਤ ਹੋ ਚੁੱਕੀ ਸੀ। ਪੁਲਸ ਨੇ ਉਕਤ ਨੌਜਵਾਨ ਦੀ ਪਛਾਣ ਕਰ ਲਈ ਹੈ, ਜਿਸ ਦਾ ਨਾਂ ਨਮਾਦੀ ਓਬਗਾ ਹੈ। ਪੁਲਸ ਦਾ ਕਹਿਣਾ ਹੈ ਕਿ ਓਬਗਾ ਟੋਰਾਂਟੋ ਦਾ ਹੀ ਰਹਿਣ ਵਾਲਾ ਸੀ। 
ਪੁਲਸ ਦਾ ਕਹਿਣਾ ਹੈ ਕਿ ਓਬਗਾ ਆਪਣੇ ਦੋਸਤਾਂ ਨੂੰ ਮਿਲਣ ਤੋਂ ਬਾਅਦ ਵਾਟਰਟਨ ਰੋਡ 'ਤੇ ਬਾਹਰ ਨਿਕਲਿਆ ਅਤੇ ਇਸ ਦੌਰਾਨ ਉਹ ਸਕਾਰਲੇਟਵੁੱਡ ਰੋਡ 'ਤੇ ਜਦੋਂ ਉਹ ਪੁੱਜਾ ਤਾਂ ਦੋ ਵਿਅਕਤੀਆਂ ਨੇ ਉਸ ਦਾ ਪਿੱਛਾ ਕੀਤਾ। ਓਬਗਾ ਆਪਣੀ ਗੱਡੀ ਕੋਲ ਪਹੁੰਚ ਗਿਆ ਸੀ, ਗਲੀ 'ਚ ਉਸ ਨੇ ਆਪਣੀ ਕਾਰ ਪਾਰਕ ਕੀਤੀ ਸੀ, ਇਸ ਦੌਰਾਨ ਸ਼ੱਕੀਆਂ ਨੇ ਉਸ 'ਤੇ ਗੋਲੀਬਾਰੀ ਕੀਤੀ। ਓਬਗਾ ਦੀ ਪਿੱਠ 'ਤੇ ਗੋਲੀਆਂ ਮਾਰੀਆਂ ਗਈਆਂ। ਪੁਲਸ ਨੇ ਦੱਸਿਆ ਕਿ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋਵੇਂ ਵਿਅਕਤੀ ਫਰਾਰ ਹੋ ਗਏ। ਪੁਲਸ ਅਧਿਕਾਰੀਆਂ ਨੇ ਚਸ਼ਮਦੀਦ ਗਵਾਹਾਂ ਦੇ ਬਿਆਨ ਲਏ ਤਾਂ ਕਿ ਸਬੂਤਾਂ ਦੇ ਆਧਾਰ 'ਤੇ ਦੋਸ਼ੀਆਂ ਤੱਕ ਪਹੁੰਚਿਆ ਜਾ ਸਕੇ। ਪੁਲਸ ਦਾ ਕਹਿਣਾ ਹੈ ਕਿ ਇਕ ਗੱਲ ਇੱਥੇ ਨੋਟ ਕੀਤੀ ਗਈ ਹੈ ਇਲਾਕੇ ਵਿਚ ਪਹਿਲਾਂ ਵੀ ਗੈਂਗਵਾਰ ਹਿੰਸਾ ਦੀਆਂ ਘਟਨਾਵਾਂ ਹੋਈਆਂ ਹਨ। ਪੁਲਸ ਘਟਨਾ ਵਾਲੀ ਥਾਂ ਦੀ ਵੀਡੀਓ ਫੁਟੇਜ਼ ਨੂੰ ਖੰਗਾਲ ਰਹੀ ਹੈ।