ਜਾਪਾਨ 'ਚ 6.7 ਤੀਬਰਤਾ ਦੇ ਭੂਚਾਲ ਕਾਰਨ 26 ਲੋਕ ਜ਼ਖਮੀ

06/19/2019 9:00:37 AM

ਟੋਕੀਓ— ਜਾਪਾਨ ਦੇ ਪੱਛਮੀ-ਉੱਤਰੀ ਇਲਾਕੇ 'ਚ ਭੂਚਾਲ ਦੇ ਜ਼ੋਰਦਾਰ ਝਟਕਿਆਂ ਕਾਰਨ ਘੱਟ ਤੋਂ ਘੱਟ 26 ਲੋਕ ਜ਼ਖਮੀ ਹੋ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.7 ਮਾਪੀ ਗਈ। ਇਸ ਤੋਂ ਪਹਿਲਾਂ ਮਿਲੀਆਂ ਖਬਰਾਂ 'ਚ ਜ਼ਖਮੀਆਂ ਦੀ ਸੰਖਿਆ 15 ਦੱਸੀ ਗਈ ਸੀ।

ਜਾਪਾਨ 'ਚ ਮੰਗਲਵਾਰ ਨੂੰ ਆਏ ਭੂਚਾਲ ਕਾਰਨ ਯਮਾਗਾਟਾ ਸ਼ਹਿਰ ਨਾਲ ਨਿਗਾਤਾ, ਮਿਆਗੀ ਅਤੇ ਇਸ਼ਕਾਵਾ ਸੂਬਿਆਂ 'ਚ ਕਈ ਲੋਕ ਜ਼ਖਮੀ ਹੋਏ ਹਨ। ਭੂਚਾਲ ਦੇ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ ਪਰ ਬਾਅਦ 'ਚ ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਇਸ ਨੂੰ ਖਾਰਜ ਕਰ ਦਿੱਤਾ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਕਾਰਨ ਕੁਝ ਸੜਕਾਂ ਨੂੰ ਬੰਦ ਕਰਨਾ ਪਿਆ ਅਤੇ ਕੁੱਝ ਰੇਲ ਸੇਵਾਵਾਂ ਵੀ ਥੋੜੀ ਦੇਰ ਲਈ ਰੁਕੀਆਂ ਰਹੀਆਂ। ਉਂਝ ਇਸ ਦੌਰਾਨ ਕੋਈ ਸੜਕ ਹਾਦਸਾ ਨਹੀਂ ਵਾਪਰਿਆ। ਬੁਲੇਟ ਟਰੇਨਾਂ ਰੱਦ ਹੋਣ ਕਾਰਨ 10,000 ਲੋਕ ਪ੍ਰਭਾਵਿਤ ਹੋਏ। ਜ਼ਿਕਰਯੋਗ ਹੈ ਕਿ ਜਾਪਾਨ 'ਰਿੰਗ ਆਫ ਫਾਇਰ' ਏਰੀਏ 'ਚ ਆਉਂਦਾ ਹੈ, ਜਿੱਥੇ ਭੂਚਾਲ ਆਉਂਦੇ ਰਹਿੰਦੇ ਹਨ।