ਯੂ.ਕੇ. ਦੀਆਂ 225 ਗੁਰਦੁਆਰਾ ਕਮੇਟੀਆਂ ਨੇ ਫੈਸਲੇ ਦੇ ਜਾਰੀ ਰਹਿਣ ਦੀ ਕੀਤੀ ਪੁਸ਼ਟੀ

02/14/2018 5:12:32 PM

ਲੰਡਨ (ਰਾਜਵੀਰ ਸਮਰਾ)— ਬਰਤਾਨੀਆ ਦੀਆਂ 10 ਸਿੱਖ ਜਥੇਬੰਦੀਆਂ ਦੇ ਤਾਲਮੇਲ ਵਾਲੀ ਜਥੇਬੰਦੀ ''ਫੈਡਰੇਸ਼ਨ ਆਫ ਸਿੱਖ ਆਗਰੇਨਾਈਜ਼ੇਸ਼ਨਸ਼'' (ਐਫ. ਐਸ. ਓ.) ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਇੰਗਲੈਂਡ ਦੇ 225 ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਨੇ ਭਾਰਤੀ ਨੁਮਾਇੰਦਿਆਂ ਦੇ ਸਰਕਾਰੀ ਦੌਰਿਆਂ 'ਤੇ ਰੋਕ ਲਾਉਣ ਦੇ ਫੈਸਲੇ ਨਾਲ ਸਹਿਮਤੀ ਪ੍ਰਗਟਾਈ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਓਂਟਾਰੀਓ ਸੂਬੇ ਦੀਆਂ ਮੁੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਜਨਵਰੀ 2018 ਵਿਚ ਭਾਰਤੀ ਅਫਸਰਾਂ ਤੇ ਹੋਰ ਭਾਰਤੀ 
ਨੁਮਾਇੰਦਿਆਂ ਨੂੰ ਗੁਰਦੁਆਰਾ ਸਾਹਿਬਾਨ ਦੇ ਮੰਚ ਤੋਂ ਬੋਲਣ ਦੀ ਇਜਾਜ਼ਤ ਨਾ ਦੇਣ ਦਾ ਐਲਾਨ ਕੀਤਾ ਗਿਆ ਸੀ। ਕੈਨੇਡਾ ਦੀਆਂ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਐਲਾਨ ਕੀਤਾ ਸੀ ਕਿ ਇਹ ਫੈਸਲਾ ਭਾਰਤੀ ਨੁਮਾਇੰਦਿਆਂ ਵੱਲੋਂ ਸਿੱਖ ਪੰਥ ਦੇ ਅੰਦਰੂਨੀ ਮਾਮਲਿਆਂ ਵਿਚ ਕੀਤੀ ਜਾਂਦੀ ਬੇਲੋੜੀ ਦਖਲ ਅੰਦਾਜ਼ੀ ਨੂੰ ਰੋਕਣ ਲਈ ਲਿਆ ਗਿਆ ਹੈ। ਇਸ ਤੋਂ ਬਾਅਦ ਅਮਰੀਕਾ, ਇੰਗਲੈਂਡ, ਯੂਰਪ ਅਤੇ ਆਸਟ੍ਰੇਲੀਆ ਦੇ ਸਿੱਖ ਭਾਈਚਾਰੇ ਵੱਲੋਂ ਵੀ ਭਾਰਤੀ ਨੁਮਾਇੰਦਿਆਂ ਦੇ ਸਰਕਾਰੀ ਦੌਰਿਆਂ 'ਤੇ ਰੋਕ ਲਾਉਣ ਦਾ ਐਲਾਨ ਕਰ ਦਿੱਤਾ ਗਿਆ।
ਐੱਫ. ਐੱਸ. ਓ. ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਇੰਗਲੈਂਡ ਦੇ ਬਹੁਤੇ ਗੁਰੂਘਰਾਂ ਵਿਚ ਸਾਲ1984 ਦੇ ਘੱਲੂਘਾਰੇ ਤੋਂ ਬਾਅਦ ਭਾਰਤ ਸਰਕਾਰ ਦੇ ਨੁਮਾਇੰਦਿਆਂ ਦੇ ਸਰਕਾਰੀ ਦੌਰਿਆਂ 'ਤੇ ਰੋਕ ਲੱਗ ਗਈ ਸੀ ਜੋ ਕਿ ਅੱਜ ਤੱਕ ਜਾਰੀ ਹੈ। ਜਥੇਬੰਦੀ ਨੇ ਕਿਹਾ ਕਿ ਹੁਣ ਤੱਕ ਇੰਗਲੈਂਡ ਦੇ 225 ਗੁਰਦੁਆਰਾ ਸਾਹਿਬਾਨ ਨੇ ਇਸ ਰੋਕ ਦੇ ਜਾਰੀ ਰਹਿਣ ਦੀ ਪੁਸ਼ਟੀ ਕਰ ਦਿੱਤੀ ਹੈ।ਉਨ੍ਹਾਂ ਭਾਰਤੀ ਮੀਡੀਆ ਵਿਚ ਨਸ਼ਰ ਹੋਈਆਂ ਉਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ''ਕਾਲੀ ਸੂਚੀ'' ਦੇ ਡਰੋਂ ਕਮੇਟੀਆਂ ਰੋਕ ਦੇ ਫੈਸਲੇ ਤੋਂ ਪਿੱਛੇ ਹੱਟਣ ਲੱਗ ਪਈਆਂ ਹਨ।