ਤੁਰਕੀ 'ਚ ਤੇਜ਼ ਭੂਚਾਲ ਕਾਰਨ 22 ਲੋਕਾਂ ਦੀ ਮੌਤ ਤੇ 900 ਜ਼ਖਮੀ (ਵੀਡੀਓ)

01/25/2020 8:27:49 AM

ਐਲਾਜਿਗ— ਸ਼ੁੱਕਰਵਾਰ ਦੀ ਰਾਤ ਤੇ ਸ਼ਨੀਵਾਰ ਦੀ ਤੜਕ ਸਵੇਰ ਵਿਚਕਾਰਲੇ ਸਮੇਂ ਦੌਰਾਨ ਤੁਰਕੀ ਦੇ ਪੂਰਬੀ ਹਿੱਸੇ 'ਚ 6.8 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਆਫਤ ਪ੍ਰਬੰਧਨ ਏਜੰਸੀ ਮੁਤਾਬਕ ਐਲਾਜਿਗ ਸੂਬੇ 'ਚ ਭੂਚਾਲ ਦਾ ਕੇਂਦਰ ਰਿਹਾ। ਇਸ ਕਾਰਨ ਹੁਣ ਤਕ 22 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 900 ਤੋਂ ਵਧੇਰੇ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਨ੍ਹਾਂ 'ਚੋਂ ਕਈ ਲੋਕਾਂ ਦੀ ਸਥਿਤੀ ਗੰਭੀਰ ਦੱਸੀ ਜਾ ਰਹੀ ਹੈ।


ਦੱਸਿਆ ਜਾ ਰਿਹਾ ਹੈ ਕਿ ਇੱਥੇ ਲਗਭਗ 10 ਇਮਾਰਤਾਂ ਢਹਿ-ਢੇਰੀ ਹੋ ਚੁੱਕੀਆਂ ਹਨ। ਭੂਚਾਲ ਕਾਰਨ ਕਈ ਇਮਾਰਤਾਂ 'ਚ ਅੱਗ ਲੱਗਣ ਦੀ ਵੀ ਖਬਰ ਹੈ। ਇਮਾਰਤਾਂ ਦੇ ਮਲਬੇ ਹੇਠ ਕਈ ਲੋਕਾਂ ਦੇ ਦੱਬੇ ਹੋਣ ਦੀ ਖਬਰ ਹੈ।

ਬਹੁਤ ਸਾਰੇ ਲੋਕ ਭੂਚਾਲ ਦੇ ਝਟਕੇ ਲੱਗਣ 'ਤੇ ਘਰਾਂ 'ਚੋਂ ਬਾਹਰ ਆ ਗਏ ਤੇ ਡਰ ਕਾਰਨ ਅੰਦਰ ਨਾ ਗਏ। ਫਿਲਹਾਲ ਰਾਹਤ ਤੇ ਬਚਾਅ ਪ੍ਰਬੰਧ ਜਾਰੀ ਹੈ। ਅਧਿਕਾਰੀਆਂ ਵਲੋਂ ਕਿਹਾ ਗਿਆ ਹੈ ਕਿ ਮ੍ਰਿਤਕਾਂ ਦੀ ਗਿਣਤੀ 'ਚ ਵਾਧਾ ਹੋ ਸਕਦਾ ਹੈ।

ਝਟਕੇ ਇੰਨੇ ਤੇਜ਼ ਸਨ ਕਿ ਲੋਕਾਂ ਨੇ ਸੜਕਾਂ 'ਤੇ ਗੱਡੀਆਂ ਖੜੀਆਂ ਕਰਕੇ ਭੱਜਣਾ ਸ਼ੁਰੂ ਕਰ ਦਿੱਤਾ। ਇੱਥੇ ਲਗਭਗ 15 ਵਾਰ ਝਟਕੇ ਮਹਿਸੂਸ ਕੀਤੇ ਗਏ ਅਤੇ ਦਹਿਸ਼ਤ ਫੈਲ ਗਈ। ਤੁਰਕੀ ਦੇ ਗੁਆਂਢੀ ਦੇਸ਼ ਇਰਾਕ, ਸੀਰੀਆ ਅਤੇ ਲੇਬਨਾਨ 'ਚ ਵੀ ਭੂਚਾਲ ਦੇ ਝਟਕੇ ਲੱਗੇ ਸਨ।