ਪਾਕਿਸਤਾਨ 'ਚ 2.25 ਕਰੋੜ ਬੱਚੇ ਸਿੱਖਿਆ ਤੋਂ ਵਾਂਝੇ

11/14/2018 2:35:57 PM

ਇਸਲਾਮਾਬਾਦ— ਅੰਤਰਰਾਸ਼ਟਰੀ ਅਧਿਕਾਰ ਗਰੁੱਪ ਵਲੋਂ ਜਾਰੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਪਾਕਿਸਤਾਨ 'ਚ ਕਰੀਬ 2.25 ਕਰੋੜ ਬੱਚੇ ਸਿੱਖਿਆ ਤੋਂ ਵਾਂਝੇ ਹਨ, ਜਿਨ੍ਹਾਂ 'ਚ ਜ਼ਿਆਦਾ ਲੜਕੀਆਂ ਹਨ। ਹਿਊਮਨ ਰਾਈਟਸ ਵਾਚ ਗਰੁੱਪ ਵਲੋਂ ਇਸ ਹਫਤੇ ਜਾਰੀ ਕੀਤੀ ਗਈ ਤੇ ਰਿਪੋਰਟ ਦਾ ਸਿਰਲੇਖ ਦਿੱਤਾ ਗਿਆ ਹੈ, 'Shall I feed my daughter or educate her: Barriers to girls' education in Pakistan'।

ਰਿਪੋਰਟ 'ਚ ਕਿਹਾ ਗਿਆ ਹੈ ਕਿ ਜੁਲਾਈ 'ਚ ਨਵੀਂ ਚੁਣੀ ਗਈ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ 'ਚ ਕਿਹਾ ਸੀ ਕਿ ਉਨ੍ਹਾਂ ਦੇ ਦੇਸ਼ 'ਚ 2.25 ਕਰੋੜ ਬੱਚੇ ਸਿੱਖਿਆ ਤੋਂ ਵਾਂਝੇ ਹਨ ਤੇ ਇਸ 'ਚ ਜ਼ਿਆਦਾ ਗਿਣਤੀ ਲੜਕੀਆਂ ਦੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਪ੍ਰਾਈਮਰੀ ਸਕੂਲ ਜਾਣ ਦੀ ਉਮਰ ਵਾਲੀਆਂ 32 ਫੀਸਦੀ ਲੜਕੀਆਂ ਤੇ 21 ਫੀਸਦੀ ਲੜਕੇ ਸਕੂਲ ਨਹੀਂ ਜਾਂਦੇ। ਛੇਵੀਂ ਜਮਾਤ ਦੀ ਗੱਲ ਕਰੀਏ ਤਾਂ 59 ਫੀਸਦੀ ਲੜਕੀਆਂ ਤੇ 49 ਫੀਸਦੀ ਲੜਕੇ ਸਕੂਲ ਨਹੀਂ ਜਾ ਰਹੇ ਹਨ। ਲੜਕੀਆਂ ਦੀ ਕੁਲ ਗਿਣਤੀ 'ਚੋਂ ਸਿਰਫ 13 ਫੀਸਦੀ ਲੜਕੀਆਂ ਹੀ 9ਵੀਂ ਜਮਾਤ ਤੱਕ ਪਹੁੰਚਦੀਆਂ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਸਕੂਲ ਜਾਣ ਵਾਲੇ ਬੱਚਿਆਂ ਦੀ ਗਿਣਤੀ ਬਹੁਤ ਘੱਟ ਹੈ ਪਰ ਲੜਕੀਆਂ ਦੀ ਗਿਣਤੀ ਨਾਜ਼ੁਕ ਪੱਧਰ 'ਤੇ ਪਹੁੰਚ ਗਈ ਹੈ।

ਰਿਪੋਰਟ ਮੁਤਾਬਕ, ਸਰਕਾਰ ਨੇ 2017 ਦੌਰਾਨ ਆਪਣੇ ਫੰਡ ਦਾ ਸਿੱਖਿਆ ਦੀਆਂ ਘਰੇਲੂ ਵਸਤਾਂ 'ਤੇ 2.8 ਫੀਸਦੀ ਹੀ ਖਰਚ ਕੀਤਾ ਜਦਕਿ ਇਸ ਲਈ 4 ਤੋਂ 6 ਫੀਸਦੀ ਖਰਚ ਕਰਨ ਦੀ ਮੰਗ ਕੀਤੀ ਗਈ ਸੀ। ਰਿਪੋਰਟ ਮੁਤਾਬਕ ਸਿਆਸੀ ਅਸਥਿਰਤਾ, ਸਰਕਾਰੀ ਕੰਮਾਂ 'ਚ ਫੌਜ ਦੀ ਦਖਲ, ਅੱਤਵਾਦ ਵਰਗੇ ਮੁੱਦਿਆਂ ਕਾਰਨ ਦੇਸ਼ 'ਚ ਸਿੱਖਿਆ ਵਰਗੀਆਂ ਬਹੁਤ ਅਹਿਮ ਚੀਜ਼ਾਂ ਨੂੰ ਗਹਿਰਾ ਨੁਕਸਾਨ ਪਹੁੰਚਿਆ ਹੈ। ਰਿਪੋਰਟ ਮੁਤਾਬਕ ਸਿੱਖਿਆ ਅਤੇ ਵਿਕਾਸ ਬਾਰੇ 2015 ਦੇ ਓਸਲੋ ਸੰਮੇਲਨ 'ਚ ਪਾਕਿਸਤਾਨ ਨੂੰ 'ਸਿੱਖਿਆ ਪੱਧਰ 'ਤੇ ਦੁਨੀਆ ਦੇ ਸਭ ਤੋਂ ਮਾੜੇ ਪ੍ਰਦਰਸ਼ਨ ਵਾਲੇ ਮੁਲਕਾਂ' ਦੇ ਤੌਰ ਤੇ ਦੱਸਿਆ ਗਿਆ ਸੀ।

ਪਾਕਿਸਤਾਨ 'ਚ ਲੜਕੀਆਂ ਸਿੱਖਿਆ ਹਾਸਲ ਕਰਨਾ ਚਾਹੁੰਦੀਆਂ ਹਨ ਪਰ ਉਨ੍ਹਾਂ ਨੂੰ ਬਿਨਾਂ ਸਿੱਖਿਆ ਦੇ ਹੀ ਜ਼ਿੰਦਗੀ ਜਿਊਣੀ ਪੈਂਦੀ ਹੈ। ਹਿਊਮਨ ਰਾਈਟਸ ਵਾਚ ਵਲੋਂ ਆਪਣੇ ਸਰਵੇ 'ਚ 209 ਲੋਕਾਂ ਨੂੰ ਸ਼ਾਮਲ ਕੀਤਾ ਗਿਆ, ਜਿਨ੍ਹਾਂ 'ਚ ਜ਼ਿਆਦਾਤਰ ਲੜਕੀਆਂ ਸਨ। ਉਨ੍ਹਾਂ 'ਚੋਂ ਕੁਝ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਆਪਣੀ ਸਿੱਖਿਆ ਪੂਰੀ ਨਹੀਂ ਕੀਤੀ ਤੇ ਜ਼ਿਆਦਾਤਰ ਤਾਂ ਕਦੇ ਸਕੂਲ ਹੀ ਨਹੀਂ ਗਈਆਂ।