ਸੋਮਾਲੀਆ ''ਚ ਦੋ ਕਬੀਲਿਆਂ ਵਿਚਾਲੇ ਖੂਨੀ ਝੜਪ, 20 ਮਰੇ

02/04/2020 8:26:47 PM

ਮੋਗਾਦਿਸ਼ੂ- ਸੋਮਾਲੀਆ ਦੇ ਦੱਖਣੀ ਇਲਾਕੇ ਲੋਵਰ ਜੁਬਾ ਖੇਤਰ ਵਿਚ ਮੰਗਲਵਾਰ ਨੂੰ ਕਬਾਇਲੀ ਝੜਪਾਂ ਵਿਚ ਘੱਟ ਤੋਂ ਘੱਟ 20 ਲੋਕ ਮਾਰੇ ਗਏ ਹਨ ਤੇ ਹੋਰ 20 ਤੋਂ ਵਧੇਰੇ ਜ਼ਖਮੀ ਹੋ ਗਏ ਹਨ। ਜੁਬਾਲੈਂਡ ਦੇ ਸੂਚਨਾ ਮੰਤਰੀ ਆਬਦੀ ਹੁਸੈਨ ਅਹਿਮਦ ਨੇ ਦੱਸਿਆ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਸੋਮਾਲੀ ਕਬੀਲਿਆਂ ਦੇ ਵਿਚਾਲੇ ਕਿਸਮਾਯੋ ਸ਼ਹਿਰ ਦੇ ਬਾਹਰੀ ਇਲਾਕੇ ਵਿਚ ਝੜਪ ਹੋਈ। 

ਮੰਤਰੀ ਨੇ ਕਿਹਾ ਕਿ ਦੋਵਾਂ ਕਬੀਲਿਆਂ ਦੇ ਵਿਚਾਲੇ ਬੀਤੇ ਦਿਨਾਂ ਤੋਂ ਲੜਾਈ ਚੱਲ ਰਹੀ ਸੀ ਤੇ ਅੱਜ ਸਵੇਰੇ ਇਹ ਦੁਬਾਰਾ ਸ਼ੁਰੂ ਹੋ ਗਈ। ਅਜੇ ਤੱਕ ਘੱਟ ਤੋਂ ਘੱਟ 20 ਲੋਕ ਮਾਰੇ ਗਏ ਹਨ ਤੇ 20 ਤੋਂ ਵਧੇਰੇ ਲੋਕ ਜ਼ਖਮੀ ਹੋਏ ਹਨ। ਉਹਨਾਂ ਦੱਸਿਆ ਕਿ ਸਥਾਨਕ ਪ੍ਰਸ਼ਾਸਨ ਨੇ ਇਸ ਝਗੜੇ ਨੂੰ ਖਤਮ ਕਰਵਾਉਣ ਦੀ ਹਰ ਮੁਮਕਿਨ ਕੋਸ਼ਿਸ਼ ਕੀਤੀ, ਜੋ ਅਜੇ ਤੱਕ ਸਫਲ ਨਹੀਂ ਹੋ ਸਕੀ ਹੈ। ਉਹਨਾਂ ਨੇ ਅਲ ਸ਼ਬਾਬ ਦੇ ਅੱਤਵਾਦੀਆਂ 'ਤੇ ਦੋਵਾਂ ਕਬੀਲਿਆਂ ਦੇ ਵਿਚਾਲੇ ਝਗੜੇ ਦੀ ਅੱਗ ਨੂੰ ਹਵਾ ਦੇਣ ਦਾ ਵੀ ਦੋਸ਼ ਲਗਾਇਆ। ਸਥਾਨਕ ਲੋਕਾਂ ਨੇ ਪ੍ਰਭਾਵਿਤ ਸ਼ਹਿਰ ਦੀ ਸਥਿਤੀ ਅਸਥਿਰ ਦੱਸੀ ਹੈ। ਸਥਾਨਕ ਨਿਵਾਸੀ ਹਾਨੀ ਮੀਰ ਨੇ ਕਿਹਾ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਕਬੀਲਿਆਂ ਦੇ ਵਿਚਾਲੇ ਇਸ ਝਗੜੇ ਕਾਰਨ ਪੂਰੇ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਹੈ। ਉਹ ਪਿੰਡਾਂ ਵਿਚ ਰਹਿਣ ਵਾਲੇ ਨਾਗਰਿਕਾਂ ਨਾਲ ਵੀ ਕੋਈ ਹਮਦਰਦੀ ਨਹੀਂ ਰੱਖਦੇ।

Baljit Singh

This news is Content Editor Baljit Singh