ਸਿਡਨੀ ''ਚ ਪਾਣੀ ''ਚ ਡੁੱਬੇ ਦੋ ਬੱਚੇ, ਪਰਿਵਾਰਾਂ ਲਈ ਫਿੱਕੇ ਪਏ ਨਵੇਂ ਸਾਲ ਦੇ ਰੰਗ

01/02/2017 11:36:45 AM

ਸਿਡਨੀ— ਆਸਟਰੇਲੀਆ ''ਚ ਇਸ ਸਮੇਂ ਪੈ ਰਹੀ ਲੋਹੜੇ ਦੀ ਗਰਮੀ ਨੇ ਲੋਕਾਂ ਨੂੰ ਹਾਲੋਂ-ਬੇਹਾਲ ਕੀਤਾ ਹੋਇਆ ਹੈ। ਲੋਕ ਗਰਮੀ ਤੋਂ ਰਾਹਤ ਪਾਉਣ ਲਈ ਵੱਖ-ਵੱਖ ਬੀਚਾਂ ''ਤੇ ਜਾਂਦੇ ਹਨ। ਇਸ ਦੌਰਾਨ ਕਈ ਵਾਰ ਕਈ ਹਾਦਸੇ ਵੀ ਵਾਪਰ ਜਾਂਦੇ ਹਨ ਅਤੇ ਪਲਾਂ ''ਚ ਕਈ ਜ਼ਿੰਦਗੀਆਂ ਤਬਾਹ ਹੋ ਜਾਂਦੀਆਂ ਹਨ। ਗੱਲ ਕਰੀਏ ਨਿਊ ਸਾਊਥ ਵੇਲਜ਼ ਸੂਬੇ ਦੀ ਤਾਂ ਇੱਥੇ ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਦੌਰਾਨ ਬੀਚਾਂ ਅਤੇ ਸਵੀਮਿੰਗ ਪੂਲਾਂ ''ਚ ਡੁੱਬਣ ਕਾਰਨ ਕਈ ਲੋਕ ਮੌਤ ਦੇ ਮੂੰਹ ''ਚ ਜਾ ਚੁੱਕੇ ਹਨ। ਸੂਬੇ ਦੀ ਰਾਜਧਾਨੀ ਸਿਡਨੀ ਤੋਂ ਨਵੇਂ ਸਾਲ ਮੌਕੇ ਦੋ ਬੁਰੀਆਂ ਖ਼ਬਰਾਂ ਮਿਲੀਆਂ ਹਨ। ਸਾਲ 2017 ਦੇ ਪਹਿਲੇ ਦੋ ਦਿਨਾਂ ਭਾਵ ਕਿ ਐਤਵਾਰ ਅਤੇ ਸੋਮਵਾਰ ਨੂੰ ਸ਼ਹਿਰ ਦੇ ਦੋ ਵੱਖ-ਵੱਖ ਇਲਾਕਿਆਂ ''ਚ ਦੋ ਬੱਚੇ ਪਾਣੀ ''ਚ ਡੁੱਬ ਗਏ। ਇਸ ਕਾਰਨ ਇੱਕ ਦੀ ਮੌਤ ਹੋ ਗਈ, ਜਦਕਿ ਦੂਜੇ ਨੂੰ ਗੰਭੀਰ ਹਾਲਤ ''ਚ ਹਸਪਤਾਲ ''ਚ ਭਰਤੀ ਕਰਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। 
ਪਹਿਲਾ ਮਾਮਲਾ ਕਸਬੇ ਮੈਕਵੇਰੀ ਫੀਲਡਜ਼ ਦਾ ਹੈ। ਇੱਥੇ ਐਤਵਾਰ ਸ਼ਾਮ ਨੂੰ ਘਰ ਦੇ ਪਿਛਲੇ ਪਾਸੇ ਬਣੇ ਸਵੀਮਿੰਗ ਪੂਲ ''ਚ ਡੁੱਬਣ ਕਾਰਨ ਦੋ ਸਾਲਾ ਲੜਕੀ ਦੀ ਮੌਤ ਹੋ ਗਈ। ਪੁਲਸ ਸੁਪਰਡੈਂਟ ਮਾਰਕ ਬਰੈੱਟ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਇਹ ਲੜਕੀ ਲਾਪਤਾ ਹੋ ਗਈ। ਇਸ ਪਿੱਛੋਂ ਪਰਿਵਾਰਕ ਮੈਂਬਰਾਂ ਨੇ ਜਦੋਂ ਉਸ ਦੀ ਭਾਲ ਕੀਤੀ ਤਾਂ ਉਨ੍ਹਾਂ ਨੇ ਉਸ ਨੂੰ ਪੂਲ ''ਚ ਡੁੱਬੀ ਹੋਈ ਦੇਖਿਆ। ਉਨ੍ਹਾਂ ਦੱਸਿਆ ਕਿ ਇਸ ਪਿੱਛੋਂ ਲੜਕੀ ਨੂੰ ਗੰਭੀਰ ਹਾਲਤ ''ਚ ਹਸਪਤਾਲ ''ਚ ਭਰਤੀ ਕਰਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਸ਼੍ਰੀ ਬਰੈੱਟ ਨੇ ਦੱਸਿਆ ਕਿ ਪੁਲਸ ਵਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 
ਦੂਜਾ ਹਾਦਸਾ ਸੋਮਵਾਰ ਭਾਵ ਕਿ ਅੱਜ ਸਵੇਰ ਦਾ ਹੈ। ਜਾਣਕਾਰੀ ਮੁਤਾਬਕ ਸ਼ਹਿਰ ਦੇ ਪੱਛਮੀ ਇਲਾਕੇ ਫੈਅਰਫੀਲਡ ''ਚ ਸਵੇਰੇ 10.30 ਵਜੇ ਦੇ ਕਰੀਬ ਮੱਛੀਆਂ ਵਾਲੇ ਇੱਕ ਤਲਾਬ ''ਚ ਡੁੱਬਣ ਕਾਰਨ ਦੋ ਸਾਲਾ ਲੜਕੇ ਦੀ ਹਾਲਤ ਗੰਭੀਰ ਹੋ ਗਈ। ਉਸ ਨੂੰ ਵੈਸਟਮੀਡ ਚਿਲਡਰਨ ਹਸਪਤਾਲ ''ਚ ਭਰਤੀ ਕਰਾਇਆ ਗਿਆ ਹੈ, ਜਿੱਥੇ ਕਿ ਉਸ ਦਾ ਇਲਾਜ ਚੱਲ ਰਿਹਾ ਹੈ।