ਕੈਨੇਡਾ ''ਚ ਬੀਤੇ ਸਾਲ ਨਸ਼ਿਆਂ ਕਾਰਨ ਹੋਈਆਂ 2,800 ਮੌਤਾਂ

09/15/2017 10:45:54 PM

ਓਟਾਵਾ— ਕੈਨੇਡਾ 'ਚ ਸਾਲ 2016 ਦੌਰਾਨ ਨਸ਼ਿਆਂ ਕਾਰਨ 2,816 ਲੋਕਾਂ ਦੀ ਮੌਤ ਹੋਈ ਹੈ ਤੇ ਇਹ ਅੰਕੜਾ ਇਸ ਸਾਲ 3 ਹਜ਼ਾਰ ਪਾਰ ਹੋਣ ਦਾ ਡਰ ਬਣਿਆ ਹੋਇਆ ਹੈ। ਇਹ ਪ੍ਰਗਟਾਵਾ ਦੇਸ਼ ਦੇ ਮੁੱਖ ਜਨ ਸਿਹਤ ਅਫਸਰ ਨੇ ਕੀਤਾ। 
ਮੀਡੀਆ ਨਾਲ ਗੱਲਬਾਤ ਕਰਦਿਆਂ ਡਾ.ਥੈਰੇਸਾ ਟੈਮ ਨੇ ਕਿਹਾ ਕਿ ਭਾਵੇਂ ਕੈਨੇਡਾ ਦਾ ਕੋਈ ਵੀ ਹਿੱਸਾ ਇਸ ਸੰਕਟ ਤੋਂ ਬਚ ਨਹੀਂ ਸਕਿਆ ਹੈ ਪਰ ਸਭ ਤੋਂ ਜ਼ਿਆਦਾ ਮੌਤਾਂ ਪੱਛਮੀ ਸੂਬਿਆਂ 'ਚ ਹੋਈਆਂ, ਜਿਥੇ ਬ੍ਰਿਟਿਸ਼ ਕੋਲੰਬੀਆ 'ਚ 978 ਲੋਕਾਂ ਦੀ ਮੌਤ ਨਸ਼ੇ ਦੇ ਓਵਰਡੋਜ਼ ਕਾਰਨ ਹੋਈ ਤੇ ਐਲਬਰਟ 'ਚ ਇਹ ਅੰਕੜਾ 586 ਦਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨਸ਼ਿਆਂ ਕਾਰਨ ਮੌਤਾਂ ਦਾ ਸਿਲਸਿਲਾ ਪੂਰਬੀ ਕੈਨੇਡਾ 'ਚ ਵੀ ਵਧ ਰਿਹਾ ਹੈ। ਮਿਸਾਲ ਵਜੋਂ ਓਨਟਾਰੀਓ 'ਚ ਪਿਛਲੇ ਸਾਲ 865 ਮੌਤਾਂ ਤੇ ਨੋਵਾ ਸਕੋਸ਼ੀਆ 'ਚ 53 ਮੌਤਾਂ ਨਸ਼ਿਆਂ ਕਾਰਨ ਹੋਈਆਂ। ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਦਾ ਵੱਡਾ ਕਾਰਨ ਫੈਂਟਾਲਿਨ ਜਾਂ ਇਸ ਨਾਲ ਮਿਲਦੀਆਂ ਜੁਲਦੀਆਂ ਨਸ਼ੀਲੀਆਂ ਦਵਾਈਆਂ ਨੂੰ ਮੰਨਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 2017 ਦੇ ਪਹਿਲੇ ਤਿੰਨ ਮਹੀਨਿਆਂ ਦੌਰਾਨ ਫੈਂਟਾਲਿਨ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 2016 ਦੇ ਮੁਕਾਬਲੇ ਦੁੱਗਣੀ ਹੋ ਗਈ ਹੈ। 
ਦੂਜੇ ਪਾਸੇ ਕੈਨੇਡੀਅਨ ਇੰਸਟੀਚਿਊਟ ਫਾਰ ਹੈਲਥ ਇਨਫੋਰਮੇਸ਼ਨ ਨੇ ਇਕ ਰਿਪੋਰਟ ਜਾਰੀ ਕਰਦਿਆਂ ਚਿਤਾਵਨੀ ਦਿੱਤੀ ਕਿ ਨਸ਼ੀਲੀਆਂ ਦਵਾਈਆਂ ਦਾ ਸੰਕਟ ਮੁਲਕ ਦੀ ਸਿਹਤ ਸੰਭਾਲ ਪ੍ਰਣਾਲੀ 'ਤੇ ਵੱਡਾ ਅਸਰ ਪਾ ਰਿਹਾ ਹੈ ਕਿਉਂਕਿ ਓਵਰਡੋਜ਼ ਤੋਂ ਬਾਅਦ ਹਸਪਤਾਲਾਂ ਦੇ ਐਮਰਜੰਸੀ ਰੂਮ 'ਚ ਲਿਆਂਦੇ ਜਾਣ ਵਾਲੇ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। 2016-17 ਦੌਰਾਨ ਰੋਜ਼ਾਨਾ 16 ਲੋਕਾਂ ਨੂੰ ਨਸ਼ੇ ਕਾਰਨ ਹਸਪਤਾਲ ਲਿਆਂਦਾ ਗਿਆ ਤੇ ਇਹ ਅੰਕੜਾ ਦੋ ਸਾਲ ਪਹਿਲਾਂ ਦੇ ਮੁਕਾਬਲੇ 20 ਫੀਸਦੀ ਜ਼ਿਆਦਾ ਹੈ। ਪੂਰੇ ਸਾਲ ਦਾ ਹਿਸਾਬ ਲਗਾਇਆ ਜਾਵੇ ਤਾਂ 5,800 ਕੈਨੇਡੀਅਨਾਂ ਨੂੰ ਓਵਰਡੋਜ਼ ਕਾਰਨ ਇਲਾਜ ਦੀ ਲੋੜ ਪੈਂਦੀ ਹੈ।