ਪਾਕਿ 'ਚ ਅਮਰੀਕੀ ਡਰੋਨ ਹਮਲਿਆਂ 'ਚ ਹੋਈ 2,714 ਲੋਕਾਂ ਦੀ ਮੌਤ: ਰਿਪੋਰਟ

11/09/2018 2:20:09 PM

ਇਸਲਾਮਾਬਾਦ— ਅਮਰੀਕਾ ਵਲੋਂ ਸਾਲ 2004 ਤੋਂ ਲੈ ਕੇ ਹੁਣ ਤੱਕ ਸ਼ੱਕੀਆਂ ਨੂੰ ਨਿਸ਼ਾਨਾ ਬਣਾ ਕੇ 409 ਡਰੋਨ ਹਮਲੇ ਕੀਤੇ ਗਏ ਤੇ ਇਨ੍ਹਾਂ ਹਮਲਿਆਂ 'ਚ ਘੱਟ ਤੋਂ ਘੱਟ 2,714 ਲੋਕਾਂ ਦੀ ਮੌਤ ਹੋ ਗਈ ਤੇ ਹੋਰ 728 ਲੋਕ ਇਨ੍ਹਾਂ ਹਮਲਿਆਂ 'ਚ ਜ਼ਖਮੀ ਹੋ ਗਏ। ਇਹ ਕਹਿਣਾ ਹੈ ਕਿ ਇਕ ਰਿਪੋਰਟ ਦਾ, ਜੋ ਕਿ ਸ਼ੁੱਕਰਵਾਰ ਨੂੰ ਮੀਡੀਆ ਵਲੋਂ ਪੇਸ਼ ਕੀਤੀ ਗਈ।

ਰਿਪੋਰਟ 'ਚ ਕਿਹਾ ਗਿਆ ਕਿ ਸੀ.ਆਈ.ਏ. ਦੇ ਡਰੋਨਾਂ ਵਲੋਂ ਬਾਜੌਰ, ਬਾਨੂਸ ਹੰਗੂ, ਖੈਬਰ, ਕੁਰਮ, ਮੁਹੰਮਦ, ਉੱਤਰੀ ਵਜ਼ੀਰਿਸਤਾਨ, ਨੁਸ਼ਕੀ, ਓਰਾਕਜ਼ਾਈ ਤੇ ਦੱਖਣੀ ਵਜ਼ੀਰਿਸਤਾਨ 'ਚ ਹਮਲੇ ਕੀਤੇ ਗਏ ਸਨ। ਸਭ ਤੋਂ ਜ਼ਿਆਦਾ ਹਮਲੇ ਪਾਕਿਸਤਾਨ ਪੀਪਲਸ ਪਾਰਟੀ ਦੀ ਸਰਕਾਰ ਦੌਰਾਨ 2008 ਤੋਂ 2012 ਦੇ ਵਿਚਾਲੇ ਹੋਏ ਸਨ। ਨੈਸ਼ਨਲ ਕਾਊਂਟਰ ਟੈਰਰਿਜ਼ਮ ਅਥਾਰਟੀ (ਨਾਕਟਾ) ਦੇ ਦਸਤਾਵੇਜ਼ ਦੱਸਦੇ ਹਨ ਕਿ ਇਸ ਸਮੇਂ ਦੌਰਾਨ 336 ਹਮਲੇ ਹੋਏ, ਜਿਨ੍ਹਾਂ 'ਚ 2,282 ਲੋਕਾਂ ਨੇ ਆਪਣੀ ਜਾਨ ਗੁਆਈ ਤੇ ਹੋਰ 658 ਲੋਕ ਜ਼ਖਮੀ ਹੋਏ। ਸਰਕਾਰੀ ਦਸਤਾਵੇਜ਼ਾਂ 'ਚ ਕਿਹਾ ਗਿਆ ਹੈ ਕਿ ਇਕੱਲੇ ਸਾਲ 2010 'ਚ 117 ਹਮਲੇ ਹੋਏ, ਜਿਸ ਦੌਰਾਨ 775 ਲੋਕ ਮਾਰੇ ਗਏ ਤੇ 193 ਲੋਕ ਜ਼ਖਮੀ ਹੋਏ।

ਸਾਲ 2013 ਤੋਂ 2018 ਦੇ ਵਿਚਾਲੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਸਰਕਾਰ ਦੌਰਾਨ ਪਾਕਿਸਤਾਨ 'ਤੇ ਸ਼ੱਕੀਆਂ ਨੂੰ ਨਿਸ਼ਾਨਾ ਬਣਾ ਕੇ 65 ਡਰੋਨ ਹਮਲੇ ਹੋਏ ਤੇ ਇਸ ਦੌਰਾਨ 301 ਲੋਕ ਮਾਰੇ ਗਏ ਤੇ 70 ਹੋਰ ਜ਼ਖਮੀ ਹੋ ਗਏ। ਸਾਲ 2018 'ਚ 2 ਡਰੋਨ ਹਮਲੇ ਹੋਏ ਤੇ ਇਸ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ। ਇਨ੍ਹਾਂ ਹਮਲਿਆਂ ਦੌਰਾਨ ਕਈ ਤਾਲਿਬਾਨੀ ਲੀਡਰ ਮਾਰੇ ਗਏ ਸਨ। ਸਾਲ 2016 'ਚ ਤਾਲਿਬਾਨ ਦੀ ਚੀਫ ਮੁੱਲਾਹ ਅਖਤਰ ਮਨਸੂਰ ਵੀ ਇਸੇ ਤਰ੍ਹਾਂ ਦੇ ਡਰੋਨ ਹਮਲੇ 'ਚ ਮਾਰਿਆ ਗਿਆ ਸੀ।

ਤਾਲਿਬਾਨੀ ਚੀਫ ਦੇ ਮਾਰੇ ਜਾਣ ਤੋਂ ਬਾਅਦ ਪਾਕਿਸਤਾਨ ਦੀ ਫੌਜ ਵਲੋਂ ਇਨ੍ਹਾਂ ਹਮਲਿਆਂ ਦੀ ਨਿੰਦਾ ਵੀ ਕੀਤੀ ਗਈ ਸੀ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਕੱਲੇ ਉੱਤਰੀ ਵਜ਼ੀਰਿਸਤਾਨ 'ਚ 289 ਡਰੋਨ ਹਮਲੇ ਹੋਏ ਹਨ ਤੇ ਇਸ ਦੌਰਾਨ 1,651 ਲੋਕਾਂ ਨੇ ਆਪਣੀ ਜਾਨ ਗੁਆਈ ਤੇ 421 ਹੋਰ ਲੋਕ ਜ਼ਖਮੀ ਹੋਏ। ਦੱਖਣੀ ਵਜ਼ੀਰਿਸਤਾਨ 'ਚ 91 ਹਮਲੇ ਹੋਏ ਤੇ ਇਸ ਦੌਰਾਨ 707 ਲੋਕ ਮਾਰੇ ਗਏ ਜਦਕਿ 215 ਹੋਰ ਜ਼ਖਮੀ ਹੋਏ। ਸਰਕਾਰੀ ਦਸਤਾਵੇਜ਼ਾਂ 'ਚ ਕਿਹਾ ਗਿਆ ਕਿ ਪਾਕਿਸਤਾਨ 'ਚ ਮਾਸੂਮ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਲਗਾਤਾਰ ਅੱਤਵਾਦੀ ਹਮਲੇ ਹੁੰਦੇ ਰਹੇ ਹਨ। ਸਾਲ 2001 ਤੋਂ ਹੁਣ ਤੱਕ ਪਾਕਿਸਤਾਨ 'ਚ 18,850 ਅੱਤਵਾਦੀ ਹਮਲੇ ਹੋਏ ਹਨ, ਜਿਨ੍ਹਾਂ 'ਚ 19,177 ਲੋਕਾਂ ਨੇ ਆਪਣੀ ਜਾਨ ਗੁਆਈ ਹੈ ਤੇ ਹੋਰ 47,869 ਲੋਕ ਇਸ ਤਰ੍ਹਾਂ ਦੇ ਹਮਲਿਆਂ 'ਚ ਜ਼ਖਮੀ ਹੋਏ ਹਨ।