ਕੈਨੇਡਾ ਸਰਕਾਰ ਦੇ ਇਕ ਦਬਕੇ ''ਤੇ ਲੋਕਾਂ ਨੇ ਧੜਾਧੜ ਵਾਪਸ ਕੀਤੇ 2-2 ਹਜ਼ਾਰ ਡਾਲਰ

06/11/2020 10:51:20 AM

ਓਟਾਵਾ : ਕੈਨੇਡਾ ਸਰਕਾਰ ਨੇ ਕੋਵਿਡ-19 ਮਹਾਮਾਰੀ ਦੌਰਾਨ ਸੀ. ਈ. ਆਰ. ਬੀ. (ਕੈਨੇਡੀਅਨ ਐਮਰਜੈਂਸੀ ਰਿਸਪਾਂਸ ਬੈਨੇਫਿਟ) ਪ੍ਰੋਗਰਾਮ ਦਾ ਐਲਾਨ ਕੀਤਾ ਸੀ, ਜਿਸ ਤਹਿਤ ਉਨ੍ਹਾਂ ਲੋਕਾਂ ਨੂੰ 2000 ਡਾਲਰ ਪ੍ਰਤੀ ਮਹੀਨੇ ਮਿਲੇ, ਜਿਨ੍ਹਾਂ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਸੀ। ਸੀ. ਈ. ਆਰ. ਬੀ. ਤਹਿਤ ਕੋਰੋਨਾ ਵਾਇਰਸ ਕਾਰਨ ਰੋਜ਼ਗਾਰ ਗੁਆ ਚੁੱਕੇ ਲੋਕਾਂ ਨੂੰ 4 ਮਹੀਨਿਆਂ ਤੱਕ ਵਿੱਤੀ ਸਹਾਇਤਾ ਦਿੱਤੇ ਜਾਣ ਦੀ ਵਿਵਸਥਾ ਕੀਤੀ ਗਈ ਹੈ।

ਹਾਲਾਂਕਿ ਕੁਝ ਅਜਿਹੇ ਲੋਕਾਂ ਨੇ ਵੀ ਇਸ ਕੋਰੋਨਾ ਰਾਹਤ ਪ੍ਰੋਗਰਾਮ ਦਾ ਫਾਇਦਾ ਲਿਆ, ਜਿਨ੍ਹਾਂ ਨੂੰ ਇਸ ਦੀ ਜ਼ਰੂਰਤ ਨਹੀਂ ਸੀ ਜਾਂ ਜਿਨ੍ਹਾਂ ਨੂੰ ਫਾਰਮ ਭਰਨ ਤੱਕ ਰੋਜ਼ਗਾਰ ਮਿਲ ਗਿਆ ਸੀ।

ਕੈਨੇਡਾ ਸਰਕਾਰ ਨੇ ਦਬਕਾ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਜਾਂਚ ਵਿਚ ਪਤਾ ਲੱਗਾ ਕਿ ਜਿਨ੍ਹਾਂ ਨੇ ਧੋਖਾ ਕਰਕੇ ਇਸ ਦਾ ਫਾਇਦਾ ਲਿਆ ਹੈ ਤਾਂ ਉਨ੍ਹਾਂ ਨੂੰ 6 ਮਹੀਨਿਆਂ ਦੀ ਸਜ਼ਾ ਅਤੇ 5 ਹਜ਼ਾਰ ਡਾਲਰ ਦਾ ਜੁਰਮਾਨਾ ਲੱਗ ਸਕਦਾ ਹੈ। ਸਰਕਾਰ ਇਸ ਲਈ ਇਕ ਬਿੱਲ ਲਿਆਉਣ ਦੀ ਤਿਆਰੀ ਕਰ ਰਹੀ ਹੈ। ਸਰਕਾਰ ਦੇ ਇੰਨਾ ਹੀ ਕਹਿਣ 'ਤੇ ਲੋਕਾਂ ਨੇ ਈਮਾਨਦਾਰੀ ਤੇ ਰਿਕਾਰਡ ਖਰਾਬ ਹੋਣ ਦੇ ਡਰ ਤੋਂ ਸਰਕਾਰ ਵਲੋਂ ਮਿਲੀ ਵਿੱਤੀ ਮਦਦ ਨੂੰ ਵਾਪਸ ਕਰਨਾ ਸ਼ੁਰੂ ਕਰ ਦਿੱਤਾ ਹੈ। 

ਕੈਨੇਡਾ ਰੀਵੈਨਿਊ ਏਜੰਸੀ ਮੁਤਾਬਕ ਕੋਰੋਨਾ ਰਾਹਤ ਵਜੋਂ ਪੈਸੇ ਲੈਣ ਵਾਲੇ 1 ਲੱਖ 90 ਹਜ਼ਾਰ ਲੋਕਾਂ ਨੇ ਇਹ ਪੈਸੇ ਵਾਪਸ ਕਰ ਦਿੱਤੇ ਹਨ। ਮਾਰਚ ਤੋਂ ਸ਼ੁਰੂ ਹੋਏ ਇਸ ਪ੍ਰੋਗਰਾਮ ਦਾ ਲੱਖਾਂ ਲੋਕਾਂ ਨੇ ਫਾਇਦਾ ਲਿਆ ਪਰ ਜੋ ਲੋਕ ਇਸ ਦਾ ਨਾਜ਼ਾਇਜ਼ ਫਾਇਦਾ ਚੁੱਕ ਰਹੇ ਸਨ, ਸਰਕਾਰ ਨੇ ਉਨ੍ਹਾਂ 'ਤੇ ਨਕੇਲ ਕੱਸ ਦਿੱਤੀ ਹੈ। 
 

Lalita Mam

This news is Content Editor Lalita Mam