ਨਾਈਜੀਰੀਆ ਵਿਚ ਆਤਮਘਾਤੀ ਬੰਬ ਧਮਾਕਿਆਂ ਵਿਚ 19 ਲੋਕਾਂ ਦੀ ਮੌਤ

02/17/2018 4:02:04 PM

ਕਾਨੋ (ਨਾਈਜੀਰੀਆ)- ਉੱਤਰੀ-ਪੂਰਬ ਨਾਈਜੀਰੀਆ ਦੇ ਕੋਨਡੁਗਾ ਵਿਚ ਮੱਛੀ ਬਾਜ਼ਾਰ ਵਿਚ ਤਿੰਨ ਆਤਮਘਾਤੀ ਹਮਲਿਆਂ ਵਿਚ 19 ਲੋਕ ਮਾਰੇ ਗਏ ਹਨ। ਇਹ ਹਮਲੇ ਬੋਰਨੋ ਸੂਬੇ ਦੀ ਰਾਜਧਾਨੀ ਮੈਦੁਗੁਰੀ ਤੋਂ 35 ਕਿਲੋਮੀਟਰ ਦੂਰ ਕੋਨਡੁਗਾ ਵਿਚ ਕਲ ਸ਼ਾਮ ਸਾਢੇ 8 ਵਜੇ ਹੋਏ। ਅੱਤਵਾਦੀਆਂ ਖਿਲਾਫ ਨਾਈਜੀਰੀਆ ਦੀ ਫੌਜ ਦੀ ਸਹਾਇਤਾ ਕਰਨ ਵਾਲੇ ਨਾਗਰਿਕ ਸੰਯੁਕਤ ਕਾਰਜਬਲ ਦੇ ਮੈਂਬਰ ਬਾਬਾਕੂਰਾ ਕੋਲੋ ਅਤੇ ਮੂਸਾ ਅਰੀ ਨੇ ਅੱਜ ਦੱਸਿਆ ਕਿ ਆਤਮਘਾਤੀ ਹਮਲਾਵਰ ਪੁਰਸ਼ ਸਨ।
ਕੋਲੋ ਨੇ ਦੱਸਿਆ ਕਿ ਦੋ ਬੰਬ ਧਮਾਕਿਆਂ ਨੇ ਤਾਸ਼ਾਨ ਕਿਫੀ ਮੱਛੀ ਬਾਜ਼ਾਰ ਵਿਚ ਹਮਲਾ ਕੀਤਾ ਜਿਸ ਵਿਚ 19 ਲੋਕ ਮਾਰੇ ਗਏ ਅਤੇ ਘੱਟੋ-ਘੱਟ 70 ਲੋਕ ਜ਼ਖਮੀ ਹੋ ਗਏ। ਇਸ ਦੇ ਚਾਰ ਮਿੰਟ ਬਾਅਦ ਹੀ ਤੀਜੇ ਹਮਲਾਵਰ ਨੇ ਨੇੜੇ ਹੀ ਹਮਲਾ ਕੀਤਾ। ਉਥੋਂ ਹੀ ਅਰੀ ਨੇ ਦੱਸਿਆ ਕਿ ਮ੍ਰਿਤਕਾਂ ਵਿਚ 18 ਨਾਗਰਿਕ ਅਤੇ ਇਕ ਫੌਜੀ ਸ਼ਾਮਲ ਹੈ। ਤਾਸ਼ਾਨ ਕਿਫੀ ਇਕ ਰਸਮੀ ਬਾਜ਼ਾਰ ਹੈ ਜਿਥੇ ਖਾਣ-ਪੀਣ ਦੀਆਂ ਦੁਕਾਨਾਂ ਅਤੇ ਹੋਰ ਦੁਕਾਨਾਂ ਹਨ। ਉਨ੍ਹਾਂ ਨੇ ਦੱਸਿਆ ਕਿ 70 ਜ਼ਖਮੀਆਂ ਵਿਚੋਂ 22 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪੁੱਛਣ ਦਾ ਕੋਈ ਸਵਾਲ ਹੀ ਨਹੀਂ ਕਿ ਇਹ ਹਮਲੇ ਕਿਸ ਨੇ ਕੀਤੇ ਕਿਉਂਕਿ ਬੋਕੋ ਹਰਾਮ ਨੇ ਕੋਨਡੁਗਾ ਨੂੰ ਕਈ ਵਾਰ ਨਿਸ਼ਾਨਾ ਬਣਾਇਆ ਹੈ। ਫਿਲਹਾਲ ਬੋਰਨੋ ਸੂਬੇ ਦੀ ਪੁਲਸ ਅਤੇ ਫੌਜ ਨੇ ਇਸ ਉੱਤੇ ਕੋਈ ਬਿਆਨ ਨਹੀਂ ਦਿੱਤਾ ਹੈ।