ਮੋਟੀ ਰਕਮ ਖਰਚ ਕੇ ਇੱਥੇ ਲਟਕ ਕੇ ਸੌਣ ਲਈ ਆਉਂਦੇ ਨੇ ਲੋਕ

02/20/2019 3:47:41 PM

ਵਿਕਟੋਰੀਆ, (ਏਜੰਸੀ)— ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ 'ਚ ਬਹੁਤ ਸਾਰੇ ਲੋਕ ਖੱਡ 'ਚ ਲਟਕ ਕੇ ਸੌਣ ਲਈ ਆਉਂਦੇ ਹਨ। ਸੁਣਨ 'ਚ ਇਹ ਗੱਲ ਅਜੀਬ ਲੱਗਦੀ ਹੈ ਪਰ ਸੱਚ ਹੈ। ਆਸਟ੍ਰੇਲੀਆ ਦੀ ਮਾਊਂਟ ਬਫੈਲੋ ਖੱਡ 'ਚ ਇਕ ਰਾਤ ਲਟਕ ਕੇ ਸੌਣ ਲਈ 2 ਵਿਅਕਤੀਆਂ ਦੀ ਟਿਕਟ 1600 ਡਾਲਰ ਹੈ। ਪਹਾੜ ਦੀ ਕੰਧ ਦੇ ਨਾਲ ਧਰਤੀ ਤੋਂ 270 ਮੀਟਰ ਉੱਪਰ ਲਟਕਦਾ ਹੋਇਆ ਪੋਰਟਲੇਜ ਬਣਾਇਆ ਗਿਆ ਹੈ, ਜਿੱਥੋਂ ਲੋਕ ਕੁਦਰਤ ਦਾ ਨਜ਼ਾਰਾ ਦੇਖਦੇ ਹਨ। ਬਹੁਤ ਸਾਰੇ ਲੋਕ ਜ਼ਿੰਦਗੀ ਨੂੰ ਵੱਖਰੇ ਹੀ ਢੰਗ ਨਾਲ ਜਿਊਣ ਦਾ ਸ਼ੌਂਕ ਰੱਖਦੇ ਹਨ। ਇਸੇ ਲਈ ਉਹ ਕੁਝ ਨਾ ਕੁਝ ਨਵਾਂ ਕਰਦੇ ਰਹਿੰਦੇ ਹਨ ਤਾਂ ਹੀ ਲੋਕ ਇਸ ਸਥਾਨ 'ਤੇ ਮੋਟੀ ਰਕਮ ਖਰਚ ਕੇ ਲਟਕ ਕੇ ਸੌਣ ਲਈ ਆਉਂਦੇ ਹਨ। 


ਇੱਥੋਂ ਦੀ ਹੋਸਟ ਨੇ ਦੱਸਿਆ ਕਿ ਲੋਕ ਇਸ ਨੂੰ ਬਹੁਤ ਪਸੰਦ ਕਰਦੇ ਹਨ। ਉਸ ਨੇ ਦੱਸਿਆ ਕਿ ਵਧੇਰੇ ਕਰਕੇ ਪਰਬਤਰੋਹੀ ਇਸ ਨੂੰ ਪਸੰਦ ਕਰਦੇ ਹਨ ਅਤੇ ਇਸ ਦਾ ਆਨੰਦ ਲੈਂਦੇ ਹਨ। ਉਹ ਪੋਰਟਲੇਜ 'ਚ ਬੈਠ ਕੇ ਉੱਪਰ ਰੱਖਣ ਵਾਲਾ ਢੱਕਣ ਵੀ ਦਿੰਦੇ ਹਨ ਪਰ ਲੋਕ ਖੁੱਲ੍ਹੇ ਮਾਹੌਲ ਹੀ 'ਚ ਕੁਦਰਤ ਦਾ ਨਜ਼ਾਰਾ ਲੈਣਾ ਪਸੰਦ ਕਰਦੇ ਹਨ ਅਤੇ ਢੱਕਣ ਦੀ ਵਰਤੋਂ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਨਵੰਬਰ ਤੋਂ ਅਪ੍ਰੈਲ ਤਕ ਇਸ ਦਾ ਆਨੰਦ ਲੈਣ ਲਈ ਵਧੀਆ ਸਮਾਂ ਹੁੰਦਾ ਹੈ।


ਪ੍ਰਬੰਧਕਾਂ ਨੇ ਦੱਸਿਆ ਕਿ ਲੋਕਾਂ ਨੂੰ ਇਸ ਸਬੰਧੀ ਹਿਦਾਇਤਾਂ ਸਮਝਾ ਕੇ ਅਤੇ ਪੂਰੀ ਤਰ੍ਹਾਂ ਜਾਂਚ ਕਰ ਕੇ ਹੀ ਭੇਜਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਲੋਕ ਆਪਣੇ ਜਨਮ ਦਿਨ ਜਾਂ ਵਿਆਹ ਦੀ ਵਰ੍ਹੇਗੰਢ ਮਨਾਉਣ ਲਈ ਆਉਂਦੇ ਹਨ।