ਪਾਕਿਸਤਾਨ ''ਚ ਮੀਂਹ ਦਾ ਕਹਿਰ ਜਾਰੀ, ਹੜ੍ਹ ਕਾਰਨ 16 ਮੌਤਾਂ

07/30/2019 1:59:28 PM

ਪੇਸ਼ਾਵਰ— ਪਾਕਿਸਤਾਨ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਉੱਤਰ-ਪੱਛਮੀ ਪਾਕਿਸਤਾਨ 'ਚ ਮੂਸਲਾਧਾਰ ਵਰਖਾ ਕਾਰਨ ਆਏ ਹੜ੍ਹ 'ਚ 16 ਲੋਕਾਂ ਦੀ ਜਾਨ ਚਲੀ ਗਈ ਹੈ, ਜਿਨ੍ਹਾਂ 'ਚ ਬੱਚੇ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਖੈਬਰ ਪਖਤੂਨਖਵਾ ਸੂਬੇ ਦੇ ਕਈ ਇਲਾਕਿਆਂ 'ਚ ਬੀਤੇ 6 ਦਿਨਾਂ ਤੋਂ ਜਾਰੀ ਵਰਖਾ ਕਾਰਨ ਹਾਲਾਤ ਬਹੁਤ ਖਰਾਬ ਬਣੇ ਹੋਏ ਹਨ।

ਸੂਬੇ ਦੇ ਆਪਦਾ ਪ੍ਰਬੰਧਨ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਇਸ ਆਪਦਾ ਕਾਰਨ ਅਜੇ ਤੱਕ 16 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ 'ਚ ਬੱਚੇ ਤੇ ਔਰਤਾਂ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਹੋਰ 30 ਲੋਕ ਜ਼ਖਮੀ ਵੀ ਹਨ। ਇਸ ਦੌਰਾਨ 12 ਘਰ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਹਨ ਤੇ 25 ਹੋਰ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਬੁਲਾਰੇ ਨੇ ਦੱਸਿਆ ਕਿ ਵਿਭਾਗ ਦੇ ਮੁਖੀ ਵਲੋਂ ਪ੍ਰਭਾਵਿਤ ਪਰਿਵਾਰਾਂ ਨੂੰ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ। ਮੀਂਹ ਦੇ ਕਹਿਰ ਕਾਰਨ ਪਾਕਿਸਤਾਨ ਦੇ ਕਈ ਵੱਡੇ ਸ਼ਹਿਰਾ ਦੀ ਬਿਜਲੀ ਸਪਲਾਈ ਵੀ ਠੱਪ ਹੋ ਗਈ ਹੈ।

ਇਸੇ ਮਹੀਨੇ ਭਾਰੀ ਵਰਖਾ ਕਾਰਨ 28 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਨੀਲਮ ਵੈਲੀ 'ਚ ਵੀ ਹੜ੍ਹ ਆ ਚੁੱਕੇ ਹਨ। ਪਾਕਿਸਤਾਨ 'ਚ ਵਰਖਾ ਤੇ ਬਰਫਬਾਰੀ ਅਕਸਰ ਲੈਂਡਸਲਾਈਡ ਦਾ ਕਾਰਨ ਬਣਦੀ ਹੈ, ਜਿਸ ਕਾਰਨ ਹੁਣ ਤੱਕ ਲੱਖਾਂ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ।

Baljit Singh

This news is Content Editor Baljit Singh