ਪਾਕਿ: ਜ਼ਬਰੀ ਵਿਆਹ ਤੋਂ ਬਾਅਦ ਹਿੰਦੂ ਲੜਕੀ ਨੂੰ ਭੇਜਿਆ ਗਿਆ ਮਹਿਲਾ ਸੁਰੱਖਿਆ ਕੇਂਦਰ

01/23/2020 5:22:56 PM

ਕਰਾਚੀ- ਪਾਕਿਸਤਾਨ ਦੇ ਸਿੰਧ ਸੂਬੇ ਵਿਚ ਉਸ 15 ਸਾਲਾ ਹਿੰਦੂ ਲੜਕੀ ਨੂੰ ਅਦਾਲਤ ਦੇ ਹੁਕਮ ਤੋਂ ਬਾਅਦ ਮਹਿਲਾ ਸੁਰੱਖਿਆ ਕੇਂਦਰ ਭੇਜ ਦਿੱਤਾ ਗਿਆ ਹੈ, ਜਿਸ ਦਾ ਜ਼ਬਰੀ ਧਰਮ ਪਰਿਵਰਤਨ ਤੋਂ ਬਾਅਦ ਮੁਸਲਿਮ ਵਿਅਕਤੀ ਨਾਲ ਵਿਆਹ ਕਰ ਦਿੱਤਾ ਗਿਆ ਸੀ। 9ਵੀਂ ਕਲਾਸ ਦੀ ਵਿਦਿਆਰਥਣ ਮਹਿਕ ਕੁਮਾਰੀ ਨੂੰ 15 ਜਨਵਰੀ ਨੂੰ ਜੈਕਬਾਬਾਦ ਜ਼ਿਲੇ ਤੋਂ ਅਲੀ ਰਜ਼ਾ ਸੋਲੰਗੀ ਨੇ ਕਥਿਤ ਤੌਰ 'ਤੇ ਅਗਵਾ ਕਰ ਲਿਆ ਸੀ, ਜਿਸ ਤੋਂ ਬਾਅਦ ਉਸ ਦਾ ਜ਼ਬਰੀ ਵਿਆਹ ਕਰ ਦਿੱਤਾ ਗਿਆ ਸੀ।

ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਲੜਕੀ ਦੇ ਪਿਤਾ ਵਿਜੇ ਕੁਮਾਰ ਨੇ ਮਾਮਲਾ ਦਰਜ ਕਰਵਾਇਆ ਸੀ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਸੋਲੰਗੀ ਨੇ ਉਸ ਦੀ 15 ਸਾਲਾ ਬੇਟੀ ਨੂੰ ਅਗਵਾ ਕਰਨ ਤੋਂ ਬਾਅਦ ਜ਼ਬਰੀ ਉਸ ਨਾਲ ਵਿਆਹ ਕਰ ਲਿਆ। ਅਧਿਕਾਰੀਆਂ ਦੇ ਮੁਤਾਬਕ ਕੁਮਾਰੀ ਤੇ ਸੁਲੰਗੀ ਨੂੰ ਮੰਗਲਵਾਰ ਨੂੰ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਥੋਂ ਲੜਕੀ ਨੂੰ ਮਹਿਲਾ ਪੁਲਸ ਸੁਰੱਖਿਆ ਕੇਂਦਰ ਵਿਚ ਭੇਜ ਦਿੱਤਾ ਗਿਆ। ਅਦਾਲਤ ਨੇ ਚਾਂਦਕਾ ਮੈਡੀਕਲ ਕਾਲੇਜ ਹਸਪਤਾਲ ਨੂੰ ਲੜਕੀ ਦੀ ਉਮਰ ਦੇ ਬਾਰੇ ਵਿਚ ਤਿੰਨ ਫਰਵਰੀ ਤੱਕ ਰਿਪੋਰਟ ਦੇਣ ਦਾ ਵੀ ਹੁਕਮ ਦਿੱਤਾ ਹੈ। 'ਦ ਐਕਸਪ੍ਰੈੱਸ ਟ੍ਰਿਬਿਊਨ' ਦੀ ਰਿਪੋਰਟ ਮੁਤਾਬਕ ਸਿੰਧ ਦੇ ਘੱਟ ਗਿਣਤੀ ਮਾਮਲੇ ਦੇ ਮੰਤਰੀ ਹਰਿਰਾਮ ਕਿਸ਼ੌਰੀ ਲਾਲ ਨੇ ਕੁਮਾਰੀ ਦੇ ਪਰਿਵਾਰ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ। 

ਬੁੱਧਵਾਰ ਨੂੰ ਜੈਕਬਾਬਾਦ ਜ਼ਿਲੇ ਦੇ ਇਕ ਹਿੰਦੂ ਸਮੂਹ ਦੇ ਨੇਤਾ ਦੇ ਨਾਲ ਟੈਲੀਫੋਨ 'ਤੇ ਗੱਲਬਾਤ ਵਿਚ ਮੰਤਰੀ ਨੇ ਕਿਹਾ ਕਿ ਸਿੰਧ ਸਰਕਾਰ ਪਰਿਵਾਰ ਤੇ ਹਿੰਦੂ ਸਮੂਹ ਦੇ ਰੁਖ ਦਾ ਪੂਰਾ ਸਮਰਥਨ ਕਰਦੀ ਹੈ। ਉਹਨਾਂ ਨੇ ਅਧਿਕਾਰੀਆਂ ਨੂੰ ਹਿੰਦੂ ਲੜਕੀਆਂ ਦੇ ਖਿਲਾਫ ਹੋਣ ਵਾਲੀ ਤਸ਼ੱਦਦ ਤੇ ਬੇਰਹਿਮੀ ਦੇ ਬਾਰੇ ਵਿਚ ਜਾਣਕਾਰੀ ਲੈਣ ਤੇ ਘੱਟ ਗਿਣਤੀ ਭਾਈਚਾਰੇ ਦੇ ਲਈ ਸੁਰੱਖਿਆ ਮੁਹੱਈਆ ਕਰਨ ਦੀ ਵੀ ਅਪੀਲ ਕੀਤੀ। 

Baljit Singh

This news is Content Editor Baljit Singh