ਵਿਸ਼ਵ ਭਰ 'ਚ ਖਲਬਲੀ, ਵਾਇਰਸ ਨਾਲ 1.5 ਕਰੋੜ ਲੋਕਾਂ ਦੀ ਹੋਵੇਗੀ ਮੌਤ!

03/07/2020 2:56:33 PM

ਸਿਡਨੀ— ਕੋਰੋਨਾ ਵਾਇਰਸ ਕਾਰਨ ਦੁਨੀਆ ਭਰ 'ਚ ਖਲਬਲੀ ਮਚੀ ਹੋਈ ਹੈ। 'ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ' ਦੀ ਇਕ ਸਟੱਡੀ 'ਚ ਦਾਅਵਾ ਕੀਤਾ ਗਿਆ ਹੈ ਕਿ ਮਹਾਮਾਰੀ ਜੇਕਰ ਚੰਗੀ ਸਥਿਤੀ 'ਚ ਰਹਿੰਦੀ ਹੈ ਤਾਂ ਇਸ ਕਾਰਨ ਡੇਢ ਕਰੋੜ ਲੋਕਾਂ ਦੀ ਮੌਤ ਹੋ ਸਕਦੀ ਹੈ। ਸਟੱਡੀ 'ਚ ਇਹ ਵੀ ਦੱਸਿਆ ਗਿਆ ਹੈ ਕਿ ਕੋਰੋਨਾ ਵਾਇਰਸ ਕਾਰਨ ਦੁਨੀਆ ਦੀ ਇਕੋਨਮੀ 'ਤੇ ਵੀ ਇਸ ਦਾ ਬਹੁਤ ਬੁਰਾ ਪ੍ਰਭਾਵ ਪਾਵੇਗਾ।

ਡੇਲੀ ਮੇਲ ਦੀ ਰਿਪੋਰਟ ਮੁਤਾਬਕ 'ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ' ਦੀ ਸਟੱਡੀ 'ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਮਹਾਮਾਰੀ ਜੇਕਰ ਸਭ ਤੋਂ ਬੁਰੀ ਸਥਿਤੀ 'ਚ ਪੁੱਜ ਜਾਂਦੀ ਹੈ ਤਾਂ ਇਸ ਕਾਰਨ 6 ਕਰੋੜ 80 ਲੱਖ ਲੋਕਾਂ ਦੀ ਮੌਤ ਵੀ ਹੋ ਸਕਦੀ ਹੈ। ਇਨ੍ਹਾਂ 'ਚੋਂ ਲੱਖਾਂ ਲੋਕ ਅਮਰੀਕਾ ਤੇ ਬ੍ਰਿਟੇਨ ਦੇ ਵੀ ਹੋ ਸਕਦੇ ਹਨ।
ਮਾਹਿਰਾਂ ਨੇ ਚੀਨ 'ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਮੌਤ ਦਰ ਦਾ ਅੰਦਾਜ਼ਾ 2 ਫੀਸਦੀ ਲਗਾਇਆ ਹੈ। ਫਿਲਹਾਲ ਗਲੋਬਲ ਪੱਧਰ 'ਤੇ ਇਹ ਦਰ 3.4 ਫੀਸਦੀ ਹੈ। ਸਟੱਡੀ ਮੁਤਾਬਕ ਭਾਰਤ ਅਤੇ ਚੀਨ 'ਚ ਮੌਤਾਂ ਦੀ ਗਿਣਤੀ ਕਈ ਲੱਖ ਹੋ ਸਕਦੀ ਹੈ। ਉੱਥੇ ਹੀ ਅਮਰੀਕਾ 'ਚ 2 ਲੱਖ 30 ਹਜ਼ਾਰ ਲੋਕਾਂ ਦੇ ਸ਼ਿਕਾਰ ਹੋਣ ਦੀ ਸੰਭਾਵਨਾ ਹੈ। ਮਾਹਿਰਾਂ ਨੇ ਇਸ ਗੱਲ ਬਾਰੇ ਵੀ ਜ਼ਿਕਰ ਕੀਤਾ ਕਿ ਅਮਰੀਕਾ 'ਚ ਸਾਧਾਰਣ ਫਲੂ ਕਾਰਨ ਹਰ ਸਾਲ 55 ਹਜ਼ਾਰ ਲੋਕਾਂ ਦੀ ਮੌਤ ਹੋ ਜਾਂਦੀ ਹੈ।

ਬ੍ਰਿਟੇਨ 'ਚ ਵੀ 64 ਹਜ਼ਾਰ, ਜਰਮਨੀ 'ਚ 79 ਹਜ਼ਾਰ ਅਤੇ ਫਰਾਂਸ 'ਚ 60 ਹਜ਼ਾਰ ਮੌਤਾਂ ਦਾ ਖਦਸ਼ਾ ਪ੍ਰਗਟ ਕੀਤਾ ਗਿਆ ਹੈ। ਉੱਥੇ ਹੀ ਦੱਖਣੀ ਕੋਰੀਆ ਅਤੇ ਇਟਲੀ ਦੇ ਲੋਕ ਵੀ ਇਸ ਨਾਲ ਵਧੇਰੇ ਪ੍ਰਭਾਵਿਤ ਹੋਣਗੇ। ਜ਼ਿਕਰਯੋਗ ਹੈ ਕਿ ਹੁਣ ਤਕ ਇਕ ਲੱਖ ਲੋਕ ਕੋਰਨਾ ਵਾਇਰਸ ਦੀ ਲਪੇਟ 'ਚ ਆ ਚੁੱਕੇ ਹਨ।