ਇਨ੍ਹਾਂ ਕਾਰਨਾਂ ਕਰਕੇ ਇਕ ਵਾਰ ਫਿਰ ਟਰੂਡੋ ਦੇ ਸਿਰ ਹੀ ਸਜੇਗਾ ਕੈਨੇਡਾ ਦਾ ਤਾਜ!

06/28/2017 3:06:31 PM


ਓਟਾਵਾ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਪਹਿਲਾ ਕਾਰਜਕਾਲ ਖਤਮ ਹੋਣ ਵਿਚ ਅਜੇ ਕਾਫੀ ਸਮਾਂ ਬਾਕੀ ਹੈ। ਆਪਣੇ ਇਸ ਕਾਰਜਕਾਲ ਦੌਰਾਨ ਉਨ੍ਹਾਂ ਨੇ ਕਈ ਵਾਅਦੇ ਤੋੜੇ ਹਨ, ਜੋ ਲੋਕਾਂ ਨੂੰ ਯਾਦ ਹਨ। ਇਸ ਦਰਮਿਆਨ ਨਿਊ ਡੈਮੋਕ੍ਰੇਟਿਕ ਪਾਰਟੀ ਵੱਲੋਂ ਜਗਮੀਤ ਸਿੰਘ ਵਰਗੇ ਨੌਜਵਾਨ ਨੇਤਾ ਤੇਜੀ ਨਾਲ ਉੱਭਰ ਰਹੇ ਹਨ, ਉਸ ਨੂੰ ਦੇਖ ਕੇ ਕਈਆਂ ਨੂੰ ਲੱਗ ਸਕਦਾ ਹੈ ਕਿ ਟਰੂਡੋ ਦੇ ਹੱਥ ਵਿਚ ਸ਼ਾਇਦ ਹੀ ਦੁਬਾਰਾ ਕੈਨੇਡਾ ਦੀ ਸੱਤਾ ਆਵੇ ਪਰ ਅਜਿਹਾ ਨਹੀਂ ਹੈ। ਅਜਿਹੇ ਕਈ ਕਾਰਨ ਹਨ, ਜਿਨ੍ਹਾਂ ਕਰਕੇ ਮੰਨਿਆ ਜਾ ਰਿਹਾ ਹੈ ਕਿ ਕੈਨੇਡਾ ਦੀ ਸੱਤਾ 'ਤੇ ਮੁੜ ਟਰੂਡੋ ਹੀ ਕਾਬਜ਼ ਹੋਣਗੇ। ਜਾਣਦੇ ਹਾਂ ਕਿ ਉਹ ਕਿਹੜੇ ਕਾਰਨ ਹਨ, ਜੋ ਟਰੂਡੋ ਨੂੰ ਦੁਬਾਰਾ ਸੱਤਾ ਦਿਵਾਉਣਗੇ—

1. ਉਹ ਸਹੀ ਕੰਮ ਕਰ ਰਹੇ ਹਨ— ਟਰੂਡੋ ਨੇ ਡੇਅ ਕੇਅਰ ਵਰਗੀਆਂ ਕਈਆਂ ਸਕੀਮਾਂ 'ਤੇ ਬਜਟ ਵਧਾਇਆ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਰੱਖਿਆ ਵਰਗੇ ਮੁੱਦੇ ਨੂੰ ਅਣਗੌਲਿਆ ਨਹੀਂ ਕੀਤਾ ਹੈ। ਡੇਅ ਕੇਅਰ ਹੋਮਜ਼ ਦਾ ਮੁੱਦਾ, ਜਿੱਥੇ ਕੈਨੇਡੀਅਨ ਲੋਕਾਂ ਦੇ ਨਾਲ ਸਿੱਧਾ ਜੁੜਿਆ ਹੋਇਆ ਹੈ, ਉੱਥੇ ਰੱਖਿਆ ਦਾ ਮੁੱਦਾ ਵੀ ਦੇਸ਼ ਦੇ ਹਿੱਤ ਵਿਚ ਹੈ। 

2. ਉਨ੍ਹਾਂ ਨੇ ਕੋਈ ਗਲਤ ਫੈਸਲਾ ਨਹੀਂ ਕੀਤਾ— ਟਰੂਡੋ ਦੇਸ਼ ਦੇ ਹਿੱਤ ਵਿਚ ਸਹੀ ਫੈਸਲੇ ਲੈ ਰਹੇ ਹਨ। ਜਿੱਥੇ ਟਰੰਪ ਨੇ ਪੈਰਿਸ ਜਲਵਾਯੂ ਸਮਝੌਤੇ ਅਤੇ ਹੋਰ ਕਈ ਅਹਿਮ ਸਮਝੌਤਿਆਂ ਤੋਂ ਪਿੱਛੇ ਹਟਣ ਦਾ ਕੰਮ ਕੀਤਾ, ਉੱਥੇ ਟਰੂਡੋ ਨੇ ਜਲਦਬਾਜ਼ੀ ਵਿਚ ਅਜਿਹਾ ਕੋਈ ਕੰਮ ਨਹੀਂ ਕੀਤਾ। 

3. ਅਖਬਾਰਾਂ ਦੀਆਂ ਸੁਰਖੀਆਂ ਤੋਂ ਦੂਰੀ— ਕੈਨੇਡਾ ਦੇ ਲੋਕ ਚੁਪ-ਚੁਪੀਤੇ ਕੰਮ ਕਰਨ ਵਿਚ ਯਕੀਨ ਰੱਖਦੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਵੀ ਮੀਡੀਆ ਵਿਚ ਜ਼ਿਆਦਾ ਨਹੀਂ ਰਹਿੰਦੇ। ਉਹ ਚੁਪ-ਚੁਪੀਤੇ ਆਪਣਾ ਕੰਮ ਕਰਦੇ ਹਨ ਮੀਡੀਆ ਵਿਚ ਜ਼ਿਆਦਾ ਬਿਆਨ ਨਹੀਂ ਦਿੰਦੇ। 

4. ਕੂਲ ਸੈਲਫੀਆਂ— ਟਰੂਡੋ ਦੀਆਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਖਿੱਚੀਆਂ ਕੂਲ ਸੈਲਫੀਆਂ, ਉਨ੍ਹਾਂ ਦੀ ਥਾਂ ਨੂੰ ਲੋਕਾਂ ਦੇ ਦਿਲਾਂ ਵਿਚ ਹੋਰ ਪੱਕੀਆਂ ਕਰਦੀਆਂ ਹਨ। ਉਨ੍ਹਾਂ ਦਾ ਅਕਸ ਲੋਕਾਂ ਵਿਚ ਇਕ ਪਰਿਵਾਰਕ ਵਿਅਕਤੀ ਵਰਗਾ ਹੈ। 

5. ਕੋਈ ਸਕੈਂਡਲ ਨਹੀਂ— ਟਰੂਡੋ ਦੇ ਨਾਲ ਕੋਈ ਸਕੈਂਡਲ ਨਹੀਂ ਜੁੜਿਆ ਹੈ। ਆਗਾ ਖਾਨ ਦੇ ਟਾਪੂ 'ਤੇ ਪਰਿਵਾਰ ਸਮੇਤ ਛੁੱਟੀਆਂ ਬਿਤਾਉਣ ਦਾ ਮਾਮਲਾ ਭੱਖਿਆ ਤਾਂ ਸੀ ਪਰ ਉਸ ਮਾਮਲੇ ਨੂੰ ਵੀ ਬੇਫਜੂਲ ਖਿੱਚਿਆ ਗਿਆ ਅਤੇ ਇਸ ਨਾਲ ਟਰੂਡੋ ਦੇ ਸਾਫ ਅਕਸ 'ਤੇ ਕੋਈ ਦਾਗ ਨਹੀਂ ਲੱਗਾ। 

6. ਸੂਬਿਆਂ ਨਾਲ ਕੋਈ ਮਤਭੇਦ ਨਹੀਂ— ਕਈ ਸੂਬਿਆਂ ਵਿਚ ਜਿੱਥੇ ਲਿਬਰਲ ਸਰਕਾਰ ਨਹੀਂ ਵੀ ਹੈ, ਉੱਥੋਂ ਦੇ ਨੇਤਾਵਾਂ ਨਾਲ ਵੀ ਟਰੂਡੋ ਦੇ ਸੰਬੰਧ ਵਧੀਆ ਹਨ।  

7. ਨਫਰਤ ਕਰਨੀ ਹੈ ਮੁਸ਼ਕਿਲ— ਟਰੂਡੋ ਦੀ ਸ਼ਖਸੀਅਤ ਹੀ ਅਜਿਹੀ ਹੈ ਕਿ ਉਨ੍ਹਾਂ ਨਾਲ ਕੋਈ ਨਫਰਤ ਨਹੀਂ ਕਰ ਸਕਦਾ। ਦੂਜੇ ਪਾਸੇ ਐੱਨ. ਡੀ. ਪੀ. ਦੇ ਲੀਡਰ ਰਹੇ ਮਲਕੇਅਰ ਅਜਿਹੇ ਵਿਅਕਤੀ ਰਹੇ ਹਨ, ਜਿਹੜੇ ਛੇਤੀ ਜੈਲਸੀ ਦੇ ਸ਼ਿਕਾਰ ਹੋ ਸਕਦੇ ਹਨ। ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਵੀ ਜ਼ਿਆਦਾ ਖੁਸ਼ਮਿਜਾਜ਼ ਨਹੀਂ ਸਨ। ਉਨ੍ਹਾਂ ਦੇ ਵੀ ਕਈ ਦੁਸ਼ਮਣ ਰਹੇ ਹੋਣਗੇ। ਕੈਨੇਡਾ ਦੇ ਜਿੰਨੇਂ ਵੀ ਮਸ਼ਹੂਰ ਨੇਤਾ ਹਨ, ਉਨ੍ਹਾਂ ਨੂੰ ਪਿਆਰ ਦੇ ਨਾਲ-ਨਾਲ ਨਫਰਤ ਵੀ ਮਿਲੀ ਹੈ ਪਰ ਟਰੂਡੋ ਦੁਸ਼ਮਣਾਂ ਦੇ ਵੀ ਦਿਲਾਂ ਵਿਚ ਵੱਸਦੇ ਹਨ। 

8. ਹਰ ਵਰਗ ਦੇ ਲੋਕਾਂ ਬਾਰੇ ਸੋਚਦੇ ਹਨ— ਟਰੂਡੋ ਦਾ ਜਨਮ ਚਾਹੇ ਇਕ ਅਮੀਰ ਪਰਿਵਾਰ ਵਿਚ ਹੋਇਆ ਪਰ ਉਨ੍ਹਾਂ ਹਰ ਵਰਗ ਦੇ ਲੋਕਾਂ ਬਾਰੇ ਸੋਚਦੇ ਹਨ। ਉਹ ਮੱਧ ਵਰਗ ਦੇ ਲੋਕਾਂ ਵਾਂਗ ਸੋਚ ਰੱਖਦੇ ਹਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਤੋਂ ਜਾਣੂੰ ਹਨ। 
ਟਰੂਡੋ ਦੇ ਇਨ੍ਹਾਂ ਗੁਣਾਂ ਕਰਕੇ ਕਿਹਾ ਜਾ ਸਕਦਾ ਹੈ ਕਿ ਉਹ ਕੈਨੇਡਾ ਦੀ ਸੱਤਾ ਤੋਂ ਛੇਤੀ ਨਹੀਂ ਜਾਣ ਵਾਲੇ ਹਨ। ਲੰਬੇ ਸਮੇਂ ਤੱਕ ਉਹ ਸਿਆਸਤ ਦੇ ਆਸਮਾਨ ਵਿਚ ਚਮਕਦੇ ਰਹਿਣਗੇ।

Kulvinder Mahi

This news is News Editor Kulvinder Mahi