ਪੂਰੀ ਦੁਨੀਆ ''ਚ 1 ਬਿਲੀਅਨ ਲੋਕ ਹਨ ਅਪਾਹਜ : ਇਟਲੀ ਰਾਸ਼ਟਰੀ ਏਜੰਸੀ

12/03/2019 1:32:16 PM

ਰੋਮ, (ਕੈਂਥ)— ਯੂਰਪੀਅਨ ਦੇਸ਼ਾਂ ਵਿੱਚ ਕਰੀਬ 45 ਮਿਲੀਅਨ ਤੋਂ ਵੱਧ ਲੋਕ ਅਪਾਹਜ ਹਨ। ਇਟਲੀ ਦੀ ਰਾਸ਼ਟਰੀ ਅੰਕੜਾ ਏਜੰਸੀ ਈਸਤਤ ਦੀ ਰਿਪੋਰਟ ਅਨੁਸਾਰ ਇਟਲੀ ਵਿੱਚ ਤਕਰੀਬਨ 3.2 ਮਿਲੀਅਨ ਲੋਕ ਅਪਾਹਜ ਹਨ, ਜਿਨ੍ਹਾਂ ਦੀ ਉਮਰ 65 ਸਾਲ ਤੋਂ ਘੱਟ ਹੈ। ਇਨ੍ਹਾਂ 65 ਸਾਲ ਤੋਂ ਘੱਟ ਅਪਾਹਜ ਲੋਕਾਂ ਵਿੱਚੋਂ ਲਗਭਗ ਅੱਧੇ ਕਿਸੇ ਵੀ ਤਰ੍ਹਾਂ ਦੀ ਜਨਤਕ ਸਹਾਇਤਾ ਨਹੀਂ ਲੈਂਦੇ ਅਤੇ ਪੂਰੀ ਤਰ੍ਹਾਂ ਆਪਣੇ ਪਰਿਵਾਰ 'ਤੇ ਹੀ ਨਿਰਭਰ ਰਹਿੰਦੇ ਹਨ। ਯੂਰਪ ਦੇ ਕਾਨੂੰਨੀ ਮਾਹਿਰ ਕਹਿੰਦੇ ਹਨ ਕਿ ਇਟਲੀ ਵਿੱਚ ਅਪਾਹਜਾਂ ਦੇ ਅਧਿਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਯੂਰਪ ਭਰ 'ਚੋਂ ਸਭ ਤੋਂ ਉਂੱਨਤ ਕਾਨੂੰਨ ਹੈ ।ਇੱਥੇ ਅੰਗਹੀਣ ਲੋਕਾਂ ਨੂੰ ਉਤਸ਼ਾਹਿਤ ਕਰਨ ਹਿੱਤ ਸੰਨ 2015 ਤੋਂ ਵਿਸ਼ੇਸ਼ ਪਰੇਡ ਵੀ ਕਰਵਾਈ ਜਾਂਦੀ ਹੈ।

3 ਦਸੰਬਰ ਪੂਰੀ ਦੁਨੀਆਂ ਅਪਾਹਜ ਵਿਅਕਤੀਆਂ ਦੇ ਕੌਮਾਂਤਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ ਜਿਸ ਦੀ ਸ਼ੁਰੂਆਤ 1981 ਵਿੱਚ ਅਪਾਹਜਾਂ ਦੇ ਅਧਿਕਾਰਾਂ ਅਤੇ ਉਹਨਾਂ ਦੀ ਤੰਦੁਰਸਤੀ ਨੂੰ ਉਤਸ਼ਾਹਤ ਕਰਨ ਦੇ ਉਦੇਸ਼ ਨਾਲ ਹੋਈ ਸੀ। ਦੁਨੀਆ ਭਰ ਵਿੱਚ ਇੱਕ ਬਿਲੀਅਨ ਲੋਕ ਭਾਵ ਆਬਾਦੀ ਦਾ 15% ਹਿੱਸਾ ਲੋਕ ਅਪਾਹਜ ਵਜੋਂ ਜ਼ਿੰਦਗੀ ਬਸਰ ਕਰਦੇ ਹਨ। ਦੁਨੀਆ ਵਿੱਚ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਦੇਸ਼ ਚੀਨ ਮੰਨਿਆ ਜਾਂਦਾ ਹੈ ਤੇ ਚੀਨ ਹੀ ਇੱਕ ਅਜਿਹਾ ਦੇਸ਼ ਹੈ ਜਿੱਥੇ ਕਿ ਅਪਾਹਜ ਲੋਕਾਂ ਦੀ ਗਿਣਤੀ ਵੀ ਸਭ ਤੋਂ ਜ਼ਿਆਦਾ ਹੈ। ਚੀਨ ਵਿੱਚ 42.77 ਮਿਲੀਅਨ ਮਰਦ ਅਪਾਹਜ ਹਨ ਜਿਹੜਾ ਕਿ ਚੀਨ ਦੀ ਆਬਾਦੀ ਦਾ 51.55% ਹੈ ਜਦੋਂ ਕਿ 40.19 ਮਿਲੀਅਨ ਔਰਤਾਂ ਵੀ ਅਪਾਹਜ ਹਨ ਜਿਹੜਾ ਕਿ ਚੀਨ ਦੀ ਆਬਾਦੀ ਦਾ 48.45% ਹੈ।

ਭਾਰਤ ਵਿੱਚ ਸੰਨ 2011 ਦੀ ਜਨਗਣਨਾ ਅਨੁਸਾਰ 26.8 ਮਿਲੀਅਨ ਲੋਕ ਅਪਾਹਜ ਹਨ । 3 ਦਸੰਬਰ ਨੂੰ ਦੁਨੀਆਂ ਭਰ ਵਿੱਚ ਮਨਾਏ ਜਾਂਦੇ ਅਪਾਹਜ ਵਿਅਕਤੀਆਂ ਦੇ ਅੰਤਰਰਾਸ਼ਟਰੀ ਦਿਵਸ ਦਾ ਮਕਸਦ ਅੰਗਹੀਣਾਂ ਵਿੱਚ ਜਿੱਥੇ ਜਾਗਰੂਕਤਾ ਪੈਦਾ ਕਰਨਾ ਹੈ ਉੱਥੇ ਹੀ ਆਮ ਲੋਕਾਂ ਨੂੰ ਵੀ ਚੇਤਨ ਕਰਨਾ ਹੈ ਕਿ  ਅੰਗਹੀਣ ਵਿਅਕਤੀਆਂ ਪ੍ਰਤੀ ਆਪਣੀ ਸਭ ਨੂੰ ਸੋਚ ਬਦਲਣ ਦਾ ਅਹਿਮ ਜ਼ਰੂਰਤ ਹੈ। ਇਕ ਪੱਤਰਕਾਰ ਨੇ ਜਦੋਂ ਇਟਲੀ ਅਤੇ ਭਾਰਤ ਦੇ ਕੁਝ ਅਪਾਹਜ ਵਿਅਕਤੀਆਂ ਤੋਂ ਉਹਨਾਂ ਨੂੰ ਅੰਗਹੀਣਤਾ ਕਾਰਨ ਪੇਸ਼ ਆਉਂਦੀਆਂ ਗੰਭੀਰ ਮੁਸ਼ਕਿਲਾਂ ਜਾਣਨੀਆਂ ਚਾਹੀਆਂ ਤਾਂ ਉਨ੍ਹਾਂ ਬਹੁਤ ਹੀ ਦੁੱਖੀ ਮਨ ਨਾਲ ਦੱਸਿਆ ਕਿ ਉਨ੍ਹਾਂ ਨੂੰ ਓਨੀ ਤਕਲੀਫ਼ ਆਪਣੇ ਸਰੀਰ ਦੀ ਅੰਗਹੀਣਤਾ ਕਾਰਨ ਨਹੀਂ ਹੁੰਦੀ ਜਿੰਨੀ ਤੰਦਰੁਸਤ ਵਿਅਕਤੀਆਂ ਵੱਲੋਂ ਉਨ੍ਹਾਂ ਨਾਲ ਕੀਤੇ ਜਾਂਦੇ ਦੁਰਵਿਵਹਾਰ ਕਾਰਨ ਹੁੰਦੀ ਹੈ।

ਭਾਰਤ ਵਿੱਚ ਬਹੁਤ ਅਜਿਹੇ ਅਪਾਹਜ ਲੋਕ ਹਨ ਜਿਹੜੇ ਕਿ ਮਜ਼ਬੂਰੀ ਵਿੱਚ ਉਨ੍ਹਾਂ ਲੋਕਾਂ ਦੀਆਂ ਵਧੀਕੀਆਂ ਦਾ ਸ਼ਿਕਾਰ ਹੋ ਰਹੇ ਜਿਹੜੇ ਕਿ ਮਾਨਸਿਕ ਤੌਰ 'ਤੇ ਅਪਾਹਜ ਹਨ।ਇਹ ਅਪਾਹਜ  ਮਾਨਸਿਕਤਾ ਵਾਲੇ  ਲੋਕ ਜਾਣ ਬੁੱਝ ਕੇ ਉਹਨਾਂ ਲੋਕਾਂ ਨੂੰ ਇਸ ਗੱਲ ਦਾ ਆਪਣੇ ਮਾੜੇ ਵਿਵਹਾਰ ਦੁਆਰਾ ਅਹਿਸਾਸ ਕਰਵਾਉਂਦੇ ਹਨ ਕਿ ਉਹ ਜਿੰਨੀ ਮਰਜ਼ੀ ਪੜ੍ਹਾਈ ਕਰਨ ਜਾਂ ਹੋਰ ਕਾਮਯਾਬੀ ਦੀਆਂ ਬੁਲੰਦੀਆਂ ਸਰ ਕਰ ਲੈਣ ਪਰ ਉਨ੍ਹਾਂ ਦਾ ਸਰੀਰਕ ਤੌਰ 'ਤੇ ਮੁਕਾਬਲਾ ਨਹੀਂ ਕਰ ਸਕਦੇ।