ਅਮਰੀਕਾ : ਪੁਲਸ ਨੇ 1000 ਹਥਿਆਰਾਂ ਦਾ ਜ਼ਖੀਰਾ ਕੀਤਾ ਜ਼ਬਤ

05/09/2019 11:53:10 AM

ਲਾਸ ਏਂਜਲਸ— ਅਮਰੀਕੀ ਸ਼ਹਿਰ ਲਾਸ ਏਂਜਲਸ ਦੀ ਪੁਲਸ ਨੇ ਇਕ ਘਰ 'ਚ ਛਾਪੇਮਾਰੀ ਕਰਕੇ 1000 ਤੋਂ ਵਧੇਰੇ ਰਾਇਫਲਾਂ ਅਤੇ  ਹੈਂਡਗਨਜ਼ ਨੂੰ ਜ਼ਬਤ ਕੀਤਾ ਹੈ। ਬੁੱਧਵਾਰ ਨੂੰ ਪੁਲਸ ਨੇ ਇਕ ਘਰ 'ਚ ਤੜਕੇ 4 ਵਜੇ ਛਾਪਾ ਮਾਰਿਆ। ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਇੱਥੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਹੁੰਦੀ ਹੈ। ਜਿਸ ਘਰ 'ਚ ਛਾਪਾ ਮਾਰਿਆ ਗਿਆ ਉਸ ਦਾ ਮੁੱਲ ਮਿਲੀਅਨ ਡਾਲਰਾਂ 'ਚ ਹੋਵੇਗਾ। ਇਹ ਬੈੱਲ ਏਅਰ ਅਤੇ ਹੋਮਬਲੀ ਹਿੱਲ ਨੇੜੇ ਸਥਿਤ ਹੈ। 

ਪੁਲਸ ਵਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ 'ਚ ਦਿਖਾਈ ਦੇ ਰਿਹਾ ਹੈ ਕਿ ਪੁਲਸ ਨੇ ਖੁੱਲ੍ਹੀ ਜ਼ਮੀਨ 'ਤੇ ਵੱਡੀ ਗਿਣਤੀ 'ਚ ਹਥਿਆਰ ਰੱਖੇ ਹੋਏ ਹਨ। ਇਸ ਤੋਂ ਇਲਾਵਾ ਗੋਲਾ-ਬਾਰੂਦ ਦੇ ਕਈ ਡੱਬੇ ਵੀ ਜ਼ਬਤ ਕੀਤੇ ਗਏ ਹਨ। 

ਛਾਪਾ ਮਾਰਨ ਗਏ 31 ਸਾਲਾ ਪੁਲਸ ਅਧਿਕਾਰੀ ਨੇ ਕਿਹਾ ਕਿ ਉਸ ਨੇ ਆਪਣੇ ਕਰੀਅਰ 'ਚ ਇੰਨੇ ਜ਼ਿਆਦਾ ਹਥਿਆਰ ਨਹੀਂ ਦੇਖੇ। ਪੁਲਸ ਵਲੋਂ ਇਕ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਪਰ ਉਸ ਦੀ ਪਛਾਣ ਅਜੇ ਸਾਂਝੀ ਨਹੀਂ ਕੀਤੀ ਗਈ। ਪੁਲਸ ਵਲੋਂ ਇਹ ਵੀ ਕਿਹਾ ਗਿਆ ਹੈ ਕਿ ਆਮ ਜਨਤਾ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ।