Health Care: 60 ਸਾਲ ਦੀ ਉਮਰ ਤੋਂ ਬਾਅਦ ਵੀ ਮਜ਼ਬੂਤ ਰਹਿਣਗੇ ਤੁਹਾਡੇ ''ਦੰਦ'', ਸਵੇਰ ਦੇ ਸਮੇਂ ਅਪਣਾਓ ਇਹ ਨੁਸਖ਼ੇ

02/10/2024 12:29:28 PM

ਜਲੰਧਰ (ਬਿਊਰੋ) – ਸਾਡੇ ਮਨੁੱਖੀ ਸਰੀਰ ਦੇ ਹਰੇਕ ਅੰਗ ਦੀ ਆਪਣੀ ਮਹੱਤਤਾ ਹੈ ਪਰ ਦੰਦਾਂ ਦਾ ਇੱਕ ਵਿਸ਼ੇਸ਼ ਸਥਾਨ ਹੈ। ਸਰੀਰ ਦੀ ਬਾਹਰੀ ਸੁੰਦਰਤਾ ਵਧਾਉਣ ਦੇ ਨਾਲ-ਨਾਲ ਇਹ ਖਾਣ-ਪੀਣ ਅਤੇ ਬੋਲਣ ਵਿੱਚ ਵੀ ਸਾਡੀ ਮਦਦ ਕਰਦੇ ਹਨ। ਸੁੰਦਰ ਅਤੇ ਚਮਕਦਾਰ ਦੰਦ ਜਿਥੇ ਇਕ ਪਾਸੇ ਸਾਡੀ ਸੁੰਦਰਤਾ ਨੂੰ ਵਧਾਉਂਦੇ ਹਨ, ਉਥੇ ਹੀ ਇਹ ਸਾਡੀ ਸ਼ਖਸੀਅਤ ਨੂੰ ਵੀ ਪ੍ਰਭਾਵਸ਼ਾਲੀ ਕਰਦੇ ਹਨ। ਪਾਚਨ ਕਿਰਿਆ ਦਾ ਪਹਿਲਾ ਕੰਮ ਦੰਦਾਂ ਤੋਂ ਹੀ ਸ਼ੁਰੂ ਹੁੰਦਾ ਹੈ ਅਤੇ ਭੋਜਨ ਨੂੰ ਪਚਣਯੋਗ ਬਣਾਉਣ ਵਿਚ ਇਸ ਦਾ ਸਭ ਤੋਂ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਦੰਦ ਕਮਜ਼ੋਰ ਹੋਣ ’ਤੇ ਦਰਦ, ਮਸੂੜਿਆਂ ’ਚ ਸੋਜ, ਖ਼ੂਨ ਆਉਣਾ, ਖਾਣ-ਪੀਣ ਦੌਰਾਨ ਪ੍ਰੇਸ਼ਾਨੀ ਤੇ ਮੂੰਹ ’ਚੋਂ ਬਦਬੂ ਆਉਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਦੰਦਾਂ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। 60 ਸਾਲ ਦੀ ਉਮਰ ਤੋਂ ਬਾਅਦ ਵੀ ਤੁਸੀਂ ਆਪਣੇ ਦੰਦਾਂ ਨੂੰ ਕਿਵੇਂ ਮਜ਼ਬੂਤ ਰੱਖ ਸਕਦੇ ਹੋ, ਦੇ ਬਾਰੇ ਆਓ ਜਾਣਦੇ ਹਾਂ....

ਦੰਦਾਂ ਨੂੰ ਮਜ਼ਬੂਤ ਕਰਨ ਲਈ ਅਪਣਾਓ ਇਹ ਘਰੇਲੂ ਨੁਸਖ਼ੇ

ਮੁਲੱਠੀ
ਮੁਲੱਠੀ ਦੀ ਵਰਤੋਂ ਦੰਦਾਂ ਨੂੰ ਮਜ਼ਬੂਤ ਕਰਨ ਲਈ ਸਵੇਰੇ ਬਰੱਸ਼ ਦੇ ਤੌਰ 'ਤੇ ਕੀਤੀ ਜਾਂਦੀ ਹੈ। ਮੁਲੱਠੀ ’ਚ ਲਿਕੋਰੀਸੀਡਿਨ ਤੇ ਲਿਕੋਰੀਸੋਫਲੈਵਨ ਏ ਹੁੰਦਾ ਹੈ, ਜੋ ਦੰਦਾਂ ਤੇ ਮਸੂੜਿਆਂ ਦੀ ਸਿਹਤ ਨੂੰ ਵਿਗਾੜਨ ਵਾਲੇ ਬੈਕਟੀਰੀਆ ਨਾਲ ਲੜਨ ’ਚ ਮਦਦ ਕਰਦਾ ਹੈ। ਇਸ ਨਾਲ ਦੰਦਾਂ ਦੀਆਂ ਕਈ ਸਮੱਸਿਆਵਾਂ ਤੋਂ ਨਿਜ਼ਾਤ ਮਿਲਦੀ ਹੈ। 

ਤੁਲਸੀ
ਤੁਲਸੀ ’ਚ ਕਈ ਔਸ਼ੱਧੀ ਗੁਣ ਹੁੰਦੇ ਹਨ, ਜੋ ਇਨਸਾਨ ਨੂੰ ਇੰਫੈਕਸ਼ਨ ਤੋਂ ਬਚਾ ਕੇ ਬੈਕਟੀਰੀਆ ਨੂੰ ਘੱਟ ਕਰਦੇ ਹਨ। ਸਵੇਰ ਦੇ ਸਮੇਂ ਤੁਲਸੀ ਦਾ ਸੇਵਨ ਕਰਨ ਨਾਲ ਦੰਦਾਂ ’ਚ ਸੋਜ, ਮੂੰਹ ’ਚ ਬਦਬੂ, ਕੈਵਿਟੀ ਦੀ ਸਮੱਸਿਆ ਆਦਿ ਤੋਂ ਬਚਿਆ ਜਾ ਸਕਦਾ ਹੈ। ਇਸ ਨਾਲ ਦੰਦ ਮਜ਼ਬੂਤ ਵੀ ਰਹਿੰਦੇ ਹਨ। 

ਪੁਦੀਨਾ
ਪੁਦੀਨੇ ’ਚ ਐਂਟੀ-ਬੈਕਟੀਰੀਅਲ ਤੇ ਐਂਟੀ-ਸੈਪਟਿਕ ਗੁਣ ਪਾਏ ਜਾਂਦੇ ਹਨ, ਜੋ ਦੰਦਾਂ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੇ ਹਨ। ਸਵੇਰ ਦੇ ਸਮੇਂ ਪੁਦੀਨੇ ਦੀਆਂ ਕੁਝ ਪੱਤੀਆਂ ਲੈ ਕੇ ਉਹਨਾਂ ਨੂੰ ਪਾਣੀ ਵਿਚ ਉਬਾਲ ਲਓ। ਕੁਝ ਦੇਰ ਬਾਅਦ ਇਸ ਨੂੰ ਪਾਣੀ ਨੂੰ ਛਾਣ ਲਓ। ਇਸ ਤੋਂ ਬਾਅਦ ਇਸ ਪਾਣੀ ਨੂੰ ਮੂੰਹ ’ਚ ਰੱਖ ਕੇ ਕੁਝ ਮਿੰਟਾਂ ਤਕ ਕੁਰਲੀ ਕਰਦੇ ਰਹੋ।

ਸਰ੍ਹੋ ਦਾ ਤੇਲ ਤੇ ਲੂਣ
ਦੰਦਾਂ ਦੀ ਮਜ਼ਬੂਤੀ ਲਈ ਸਰ੍ਹੋਂ ਦਾ ਤੇਲ ਅਤੇ ਲੂਣ ਬਹੁਤ ਜ਼ਰੂਰੀ ਹੁੰਦਾ ਹੈ। ਇਨ੍ਹਾਂ ’ਚ ਐਂਟੀ-ਸੈਪਟਿਕ ਤੇ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਬੈਕਟੀਰੀਆ ਤੋਂ ਇਨਸਾਨ ਦਾ ਬਚਾਅ ਕਰਦੇ ਹਨ। ਬੈਕਟੀਰੀਆ ਤੋਂ ਨਿਜ਼ਾਤ ਪਾਉਣ ਲਈ ਸਵੇਰ ਦੇ ਸਮੇਂ ਸਰ੍ਹੋਂ ਦੇ ਤੇਲ ’ਚ ਥੋੜਾ ਜਿਹਾ ਲੂਣ ਮਿਲਾ ਲਓ। ਹੁਣ ਇਸ ਮਿਸ਼ਰਣ ਨੂੰ ਦੰਦ ’ਤੇ ਲਗਾ ਕੇ ਕੁਝ ਮਿੰਟਾਂ ਲਈ ਮਸਾਜ ਕਰੋ, ਜਿਸ ਨਾਲ ਦੰਦ ਮਜ਼ਬੂਤ ਹੋਣਗੇ। 

ਤਿਲ ਦਾ ਤੇਲ
ਤਿਲ ਦੇ ਤੇਲ ਨਾਲ ਵੀ ਦੰਦਾਂ ਦੀ ਸਿਹਤ ਦਾ ਖ਼ਾਸ ਖਿਆਲ ਰੱਖਿਆ ਜਾ ਸਕਦਾ ਹੈ। ਤੇਲ ਨੂੰ 20 ਮਿੰਟਾਂ ਤਕ ਮੂੰਹ ’ਚ ਘੁਮਾਉਣ ਤੋਂ ਬਾਅਦ ਥੁੱਕ ਦਿਓ। ਫਿਰ ਕੋਸੇ ਪਾਣੀ ਨਾਲ ਕੁਰਲੀ ਕਰਕੇ ਬਰੱਸ਼ ਕਰ ਲਓ। ਅਜਿਹਾ ਰੋਜ਼ਾਨਾ ਸਵੇਰੇ ਕਰਨ ਨਾਲ ਮੂੰਹ ਦੇ ਬੈਕਟੀਰੀਆ ਤੇ ਹਾਨੀਕਾਰਕ ਕੀਟਾਣੂ ਮਰ ਜਾਂਦੇ ਹਨ।

ਨਿੰਮ
ਨਿੰਮ ’ਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਦੰਦਾਂ ਨੂੰ ਮਜ਼ਬੂਤ ਤੇ ਸਿਹਤਮੰਦ ਰੱਖਣ ’ਚ ਮਦਦ ਕਰਦੇ ਹਨ। ਨਿੰਮ ’ਚ ਕਈ ਤਰ੍ਹਾਂ ਦੇ ਐਂਟੀ-ਸੈਪਟਿਕ ਗੁਣ ਹੁੰਦੇ ਹਨ। ਰੋਜ਼ਾਨਾ ਸਵੇਰੇ ਨਿੰਮ ਦੀ ਦਾਤਣ ਕਰਨ ਅਤੇ ਨਿੰਮ ਦੇ ਮਾਊਥਵਾਸ਼ ਦੀ ਵਰਤੋਂ ਕਰਨ 'ਤੇ ਦੰਦਾਂ ਨੂੰ ਮਜ਼ਬੂਤੀ ਮਿਲਦੀ ਹੈ ਅਤੇ ਕਈ ਬੈਰਟੀਰੀਆ ਦੂਰ ਹੁੰਦੇ ਹਨ।

rajwinder kaur

This news is Content Editor rajwinder kaur