ਲੱਕੜੀਅਾਂ ਜਾਂ ਕੋਲੇ ’ਤੇ ਖਾਣਾ ਪਕਾਉਣ ਨਾਲ ਵਧ ਜਾਂਦੈ ਸਾਹ ਦੀ ਬੀਮਾਰੀ ਦਾ ਖਤਰਾ

09/23/2018 9:40:17 AM

ਲੰਡਨ– ਇਕ ਅਧਿਐਨ ’ਚ ਦੇਖਿਆ ਗਿਆ ਹੈ ਕਿ ਭਾਰਤ ਵਰਗੇ ਘੱਟ ਆਮਦਨ ਵਾਲੇ ਦੇਸ਼ਾਂ ’ਚ ਖਾਣਾ ਪਕਾਉਣ ਲਈ ਲੱਕੜੀਅਾਂ ਜਾਂ ਕੋਲਾ ਬਾਲਣ ਦੀ ਰਵਾਇਤ ਨਾਲ ਸਾਹ ਸਬੰਧੀ ਰੋਗਾਂ ਕਾਰਨ ਹਸਪਤਾਲ ’ਚ ਦਾਖਲ ਹੋਣ ਜਾਂ ਜਾਨ ਚਲੇ ਜਾਣ ਦਾ ਖਤਰਾ ਵਧ ਸਕਦਾ ਹੈ। ਖੋਜਕਾਰਾਂ ਮੁਤਾਬਕ ਦੁਨੀਆ ਭਰ ’ਚ ਲਗਭਗ 3 ਅਰਬ ਲੋਕ ਅਜਿਹੇ ਪਰਿਵਾਰਾਂ ’ਚ ਰਹਿੰਦੇ ਹਨ ਜਿਥੇ ਖਾਣਾ ਪਕਾਉਣ ਲਈ ਨਿਯਮਿਤ ਰੂਪ ਨਾਲ ਲੱਕੜੀਅਾਂ, ਕੋਲਾ ਜਾਂ ਹੋਰ ਠੋਸ ਈਂਧਨ ਬਾਲੇ ਜਾਂਦੇ ਹਨ। ਠੋਸ ਈਂਧਨ ਜਲਣ ’ਤੇ ਭਾਰੀ ਮਾਤਰਾ ’ਚ ਪ੍ਰਦੂਸ਼ਕ ਖਾਸ ਕਰ ਕੇ ਅਜਿਹੇ ਕਣ ਛੱਡਦੇ ਹਨ ਜੋ ਸਾਡੇ ਫੇਫੜਿਅਾਂ ਦੇ ਅੰਦਰ ਤੱਕ ਚਲੇ ਜਾਂਦੇ ਹਨ।

ਆਮ ਤੌਰ ’ਤੇ ਅਜਿਹੇ ਪਰਿਵਾਰ ਘੱਟ ਅਤੇ ਮੱਧ ਆਮਦਨ ਵਾਲੇ ਦੇਸ਼ਾਂ ਦੇ ਗ੍ਰਾਮੀਣ ਖੇਤਰਾਂ ’ਚ ਹੁੰਦੇ ਹਨ। ਉਂਝ ਚੀਨ ’ਚ ਤੇਜ਼ੀ ਨਾਲ ਸ਼ਹਿਰੀਕਰਨ ਹੋ ਰਿਹਾ ਹੈ ਪਰ ਉਸਦੀ ਇਕ ਤਿਹਾਈ ਆਬਾਦੀ ਹੁਣ ਵੀ ਠੋਸ ਈਂਧਨਾਂ ’ਤੇ ਨਿਰਭਰ ਹੈ। ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਅਤੇ ਚਾਈਨੀਜ਼ ਅਕੈਡਮੀ ਆਫ ਮੈਡੀਕਲ ਸਾਇੰਸ ਦੇ ਖੋਜਕਾਰਾਂ ਨੇ ਦੇਖਿਆ ਕਿ ਖਾਣਾ ਪਕਾਉਣ ਲਈ ਬਿਜਲੀ ਜਾਂ ਗੈਸ ਦੀ ਵਰਤੋਂ ਕਰਨ ਵਾਲਿਅਾਂ ਦੀ ਤੁਲਨਾ ’ਚ ਲੱਕੜੀ ਜਾਂ ਕੋਲੇ ਦੀ ਵਰਤੋਂ ਕਰਨ ਵਾਲਿਅਾਂ ’ਚ ਪੁਰਾਣੀ ਅਤੇ ਗੰਭੀਰ ਸਾਹ ਸਬੰਧੀ ਬੀਮਾਰੀ ਨਾਲ ਹਸਪਤਾਲ ’ਚ ਦਾਖਲ ਜਾਂ ਮੌਤ ਦੇ ਮਾਮਲੇ 36 ਫੀਸਦੀ ਜ਼ਿਆਦਾ ਹਨ।