ਕੱਦੂ ਦੀ ਸਬਜ਼ੀ ''ਚ ਲੁਕਿਆ ਹੈ ਇਨ੍ਹਾਂ ਬੀਮਾਰੀਆਂ ਦਾ ਇਲਾਜ

11/03/2018 6:21:30 PM

ਨਵੀਂ ਦਿੱਲੀ—ਪੌਸ਼ਟਿਕਤਾ ਨਾਲ ਭਰਪੂਰ ਕੱਦੂ ਦੀ ਸਬਜ਼ੀ ਸਿਰਫ ਖਾਣੇ 'ਚ ਸੁਆਦ ਹੀ ਨਹੀਂ ਸਗੋਂ ਸਿਹਤ ਲਈ ਵੀ ਕਾਫੀ ਫਾਇਦੇਮੰਦ ਹੁੰਦੀ ਹੈ। ਫਿਰ ਵੀ ਕੱਦੂ ਦੀ ਸਬਜ਼ੀ ਖਾਣਾ ਕੁਝ ਹੀ ਲੋਕ ਪਸੰਦ ਕਰਦੇ ਹਨ ਅਤੇ ਬੱਚੇ ਤਾਂ ਇਸ ਦਾ ਨਾਂ ਸੁਣਦੇ ਹੀ ਦੂਰ ਭੱਜਦੇ ਹਨ ਪਰ ਵਿਟਾਮਿਨਸ, ਫਾਈਬਰ, ਫੋਲੇਟ, ਪੋਟਾਸ਼ੀਅਮ, ਕਾਪਰ ਅਤੇ ਮੈਗਨੀਸ਼ੀਅਮ ਦੇ ਗੁਣਾਂ ਨਾਲ ਭਰਪੂਰ ਕੱਦੂ ਦੀ ਸਬਜ਼ੀ ਸਿਹਤ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦਗਾਰ ਹੁੰਦੀ ਹੈ। ਚਲੋ ਜਾਣਦੇ ਹਾਂ ਕੱਦੂ ਖਾਣ ਨਾਲ ਕੀ-ਕੀ ਫਾਇਦੇ ਹੁੰਦੇ ਹਨ। 
 

1. ਅੱਖਾਂ ਦੀ ਰੌਸ਼ਨੀ ਹੁੰਦੀ ਹੈ ਤੇਜ਼ 
ਵਿਟਾਮਿਨ ਏ ਨਾਲ ਭਰਪੂਰ ਹੋਣ ਕਾਰਨ ਕੱਦੂ ਦੀ ਸਬਜ਼ੀ ਦੀ ਵਰਤੋਂ ਅੱਖਾਂ ਲਈ ਬੇਹੱਦ ਫਾਇਦੇਮੰਦ ਹੁੰਦੀ ਹੈ। ਇਕ ਕੱਪ ਕੱਦੂ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ। 
 

2. ਮਜ਼ਬੂਤ ਇਮਿਊਨ ਸਿਸਟਮ 
ਕੱਦੂ 'ਚ ਐਂਟੀ-ਆਕਸੀਡੈਂਟ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ ਜਿਸ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਅਤੇ ਤੁਸੀਂ ਕਈ ਬੀਮਾਰੀਆਂ ਤੋਂ ਬਚੇ ਰਹਿੰਦੇ ਹੋ। 
 

3. ਭਾਰ ਘੱਟ ਕਰਨ 'ਚ ਮਦਦਗਾਰ 
ਇਸ 'ਚ ਕੈਲੋਰੀ ਘੱਟ ਅਤੇ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਲਈ ਇਸ ਨੂੰ ਖਾਣ ਨਾਲ ਵਾਰ-ਵਾਰ ਭੁੱਖ ਨਹੀਂ ਲੱਗਦੀ। ਇਸ ਨਾਲ ਪੇਟ ਭਰਿਆ ਰਹਿੰਦਾ ਹੈ ਅਤੇ ਤੁਸੀਂ ਓਵਰਇਟਿੰਗ ਤੋਂ ਵੀ ਬਚੇ ਰਹਿੰਦੇ ਹੋ,ਜਿਸ ਨਾਲ ਭਾਰ ਘੱਟ ਕਰਨ 'ਚ ਮਦਦ ਮਿਲਦੀ ਹੈ। 
 

4. ਖੂਬਸੂਰਤ ਚਮੜੀ 
ਕੱਦੂ 'ਚ ਵਿਟਾਮਿਨ ਏ, ਵਿਟਾਮਿਨ ਸੀ ਅਤੇ ਬੀਟਾ-ਕੈਰੋਟੀਨ ਵਰਗੇ ਤੱਤ ਮੌਜੂਦ ਹੁੰਦੇ ਹਨ ਜੋ ਕਿ ਕੁਦਰਤੀ ਤਰੀਕਿਆਂ ਨਾਲ ਚਮੜੀ ਨੂੰ ਖੂਬਸੂਰਤ ਬਣਾਉਣ 'ਚ ਮਦਦ ਕਰਦੇ ਹਨ। ਕੱਦੂ ਖਾਣ ਹੀ ਨਹੀਂ ਸਗੋਂ ਇਸ ਦਾ ਪੈਕ ਬਣਾ ਕੇ ਲਗਾਉਣ ਨਾਲ ਖੂਬਸੂਰਤੀ ਵੀ ਵਧਦੀ ਹੈ। 
 

5. ਦਿਲ ਨੂੰ ਰੱਖੇ ਸਿਹਤਮੰਦ 
ਇਸ ਦੀ ਵਰਤੋਂ ਕਰਨ ਨਾਲ ਸਰੀਰ 'ਚ ਕੋਲੈਸਟਰੋਲ ਲੈਵਲ ਸਹੀ ਰਹਿੰਦਾ ਹੈ, ਜਿਸ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਜੇਕਰ ਤੁਸੀਂ ਦਿਲ ਦੇ ਮਰੀਜ਼ ਹੋ ਤਾਂ ਵੀ ਇਸ ਦੀ ਵਰਤੋਂ ਤੁਹਾਡੇ ਲਈ ਫਾਇਦੇਮੰਦ ਹੈ। 
 

6. ਗਲੇ ਲਈ ਫਾਇਦੇਮੰਦ 
ਇਸ ਮੌਸਮ 'ਚ ਸਰਦੀ-ਖਾਂਸੀ, ਜ਼ੁਕਾਮ ਅਤੇ ਗਲੇ 'ਚ ਖਰਾਸ਼ ਦੀ ਸਮੱਸਿਆ ਆਮ ਦੇਖਣ ਨੂੰ ਮਿਲਦੀ ਹੈ। ਅਜਿਹੇ 'ਚ ਗਰਮਾ-ਗਰਮ ਕੱਦੂ ਦੀ ਸਬਜ਼ੀ ਜਾਂ ਇਸ ਦਾ ਸੂਪ ਪੀਣ ਨਾਲ ਵੀ ਇਨ੍ਹਾਂ ਪ੍ਰੇਸ਼ਾਨੀਆਂ ਤੋਂ ਰਾਹਤ ਮਿਲੇਗੀ।
 

7. ਪੇਟ ਨੂੰ ਰੱਖੇ ਸਿਹਤਮੰਦ 
ਕੱਦੂ 'ਚ ਡਾਈਟਰੀ ਫਾਈਬਰ ਭਰਪੂਰ ਮਾਤਰਾ 'ਚ ਹੁੰਦਾ ਹੈ ਇਸ ਲਈ ਇਸ ਦੀ ਵਰਤੋਂ ਨਾਲ ਪੇਟ ਸੰਬੰਧੀ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਨਾਲ ਹੀ ਇਸ ਨਾਲ ਐਸਿਡਿਟੀ ਅਤੇ ਪੇਟ ਦੀ ਜਲਣ ਤੋਂ ਵੀ ਰਾਹਤ ਮਿਲਦੀ ਹੈ।
 

8. ਕੈਂਸਰ ਤੋਂ ਬਚਾਅ 
ਕੱਦੂ 'ਚ ਐਂਟੀ-ਆਕਸੀਡੈਂਟ ਗੁਣ ਮੌਜੂਦ ਹੁੰਦੇ ਹਨ ਜੋ ਸਰੀਰ 'ਚ ਕੈਂਸਰ ਸੈੱਲਸ ਨੂੰ ਵਧਣ ਤੋਂ ਰੋਕਦੇ ਹਨ। ਅਜਿਹੇ 'ਚ ਰੋਜ਼ਾਨਾ ਕੱਦੂ ਦੀ ਸਬਜ਼ੀ, ਸੂਪ ਜਾਂ ਸਨੈਕਸ ਦੇ ਰੂਪ 'ਚ ਇਸ ਦੀ ਵਰਤੋਂ ਕਰਨ ਨਾਲ ਤੁਸੀਂ ਕੈਂਸਰ ਦੇ ਖਤਰੇ ਤੋਂ ਬਚੇ ਰਹਿੰਦੇ ਹੋ। 
 

9. ਤਣਾਅ ਨੂੰ ਦੂਰ ਕਰੇ 
ਇਸ ਦਾ ਸੇਵਨ ਕਰਨ ਨਾਲ ਤਣਾਅ, ਗੁੱਸਾ, ਡਿਪ੍ਰੈਸ਼ਣ ਵਰਗੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ। ਇਸ ਤੋਂ ਇਲਾਵਾ ਪੱਕਿਆ ਹੋਇਆ ਕੱਦੂ ਯਾਦਦਾਸ਼ਤ ਤੇਜ਼ ਕਰਦਾ ਹੈ।
 

10. ਡਾਇਬਿਟੀਜ਼ ਰੋਗੀਆਂ ਲਈ ਫਾਇਦੇਮੰਦ 
ਕੱਦੂ 'ਚ ਵਿਟਾਮਿਨ ਸੀ ਭਰਪੂਰ ਮਾਤਰਾ 'ਚ ਮੌਜੂਦ ਹੁੰਦਾ ਹੈ। ਇਸ ਨਾਲ ਸਰੀਰ 'ਚ ਇੰਸੁਲਿਨ ਦੀ ਮਾਤਰਾ ਕੰਟਰੋਲ 'ਚ ਰਹਿੰਦੀ ਹੈ ਅਤੇ ਵਧੀ ਹੋਈ ਸ਼ੂਗਰ ਦੀ ਮਾਤਰਾ ਵੀ ਘੱਟ ਹੋ ਜਾਂਦੀ ਹੈ। ਡਾਇਬਿਟੀਜ਼ ਰੋਗੀਆਂ ਨੂੰ ਹਫਤੇ 'ਚ ਘੱਟ ਤੋਂ ਘੱਟ 2 ਵਾਰ ਕੱਦੂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।