ਗਰਭਵਤੀ ਔਰਤਾਂ ਨਾ ਕਰਨ ਕੌਫੀ ਦਾ ਸੇਵਨ, ਹੋਣਗੇ ਨੁਕਸਾਨ

06/29/2019 3:45:08 PM

ਨਵੀਂ ਦਿੱਲੀ/ਜਲੰਧਰ (ਕ.)— ਗਰਭ ਹਾਲਤ ਦੌਰਾਨ ਕੌਫੀ ਦਾ ਸੇਵਨ ਖਤਰਨਾਕ ਹੋ ਸਕਦਾ ਹੈ। ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੀ ਇਕ ਹਾਲ ਹੀ ਦੀ ਖੋਜ ਮੁਤਾਬਕ ਕੌਫੀ 'ਚ ਮੌਜੂਦ ਕੈਫੀਨ ਬਲੱਡ ਪ੍ਰੈਸ਼ਰ ਨੂੰ ਵਧਾਉਂਦਾ ਹੈ ਅਤੇ ਇਸ ਨਾਲ ਭਰੂਣ ਨੂੰ ਨੁਕਸਾਨ ਪਹੁੰਚ ਸਕਦਾ ਹੈ।


ਸਮੇਂ ਤੋਂ ਪਹਿਲਾਂ ਜਨਮ ਦਾ ਖਦਸ਼ਾ
ਖੋਜਕਾਰ ਜੈਸਿਕਾ ਸ਼ੈਫਰਡ ਮੁਤਾਬਕ ਕੈਫੀਨ ਨਾਲ ਬਲੱਡ ਪ੍ਰੈਸ਼ਰ ਅਤੇ ਹਾਰਟ ਬੀਟ 'ਚ ਵਾਧਾ ਹੁੰਦਾ ਹੈ। ਜੋ ਔਰਤ ਗਰਭਵਤੀ ਨਹੀਂ ਹੈ, ਉਸ ਨੂੰ ਕੌਫੀ ਦੇ ਸੇਵਨ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ। ਉਹ ਕੌਫੀ ਦੇ ਪੀਣ ਤੋਂ ਬਾਅਦ ਅਲਰਟ ਮਹਿਸੂਸ ਕਰਨਗੀਆਂ ਪਰ ਗਰਭਵਤੀ ਔਰਤ ਵੱਲੋਂ ਕੌਫੀ ਦੇ ਸੇਵਨ ਕਰਨ ਨਾਲ ਪੈਦਾ ਹੋਣ ਵਾਲੇ ਬੱਚੇ ਦਾ ਭਾਰ ਘੱਟ ਹੋ ਸਕਦਾ ਹੈ ਜਾਂ ਸਮੇਂ ਤੋਂ ਪਹਿਲਾਂ ਡਿਲਿਵਰੀ ਦਾ ਖਤਰਾ ਹੋ ਸਕਦਾ ਹੈ। ਸੀ. ਡੀ. ਸੀ. ਦੇ ਮੁਤਾਬਕ ਕੌਫੀ 'ਚ ਕੈਫੀਨ ਗਰਭਨਾਲ ਦੀ ਰੁਕਾਵਟ ਨੂੰ ਪਾਰ ਕਰਕੇ ਭਰੂਣ ਤੱਕ ਪਹੁੰਚ ਜਾਂਦਾ ਹੈ।
ਗਰਭਨਾਲ ਉਹ ਅੰਗ ਹੈ, ਜੋ ਭਰੂਣ ਨੂੰ ਆਕਸੀਜਨ ਅਤੇ ਪੋਸ਼ਣ ਦਿੰਦਾ ਹੈ। ਜਦੋਂ ਕੈਫੀਨ ਗਰਭਨਾਲ ਨੂੰ ਪਾਰ ਕਰਕੇ ਭਰੂਣ ਤੱਕ ਪਹੁੰਚਦਾ ਹੈ ਤਾਂ ਭਰੂਣ ਇਸ ਪਦਾਰਥ ਨੂੰ ਪਚਾ ਨਹੀਂ ਸਕਦਾ, ਜਿਸ ਨਾਲ ਉਸ ਨੂੰ ਨੁਕਸਾਨ ਪਹੁੰਚਦਾ ਹੈ। ਡਾ. ਜੈਸਿਕਾ ਮੁਤਾਬਕ ਕੌਫੀ ਦੇ ਸੇਵਨ ਨਾਲ ਜ਼ਿਆਦਾ ਪਿਸ਼ਾਬ ਆਉਂਦਾ ਹੈ ਅਤੇ ਇਸ ਨਾਲ ਤੁਸੀਂ ਡਿਹਾਈਡ੍ਰੇਟ ਹੋ ਸਕਦੇ ਹੋ। ਗਰਭ ਅਵਸਥਾ ਦੌਰਾਨ ਉਂਝ ਹੀ ਪਿਸ਼ਾਬ ਬਹੁਤ ਆਉਂਦਾ ਹੈ। ਅਜਿਹੇ 'ਚ ਕੌਫੀ ਦੇ ਸੇਵਨ ਨਾਲ ਸਰੀਰ 'ਚੋਂ ਪਾਣੀ ਵੱਧ ਮਾਤਰਾ 'ਚ ਨਿਕਲ ਜਾਂਦਾ ਹੈ।


ਸੀਮਤ ਮਾਤਰਾ 'ਚ ਸੇਵਨ ਕਰੋ
ਮਾਹਿਰਾਂ ਮੁਤਾਬਕ ਜੇ ਕਿਸੇ ਗਰਭਵਤੀ ਔਰਤ ਨੂੰ ਕੌਫੀ ਪੀਣ ਦੀ ਆਦਤ ਹੈ ਅਤੇ ਉਹ ਉਸ ਨੂੰ ਨਹੀਂ ਛੱਡ ਸਕਦੀ ਤਾਂ ਸੀਮਤ ਮਾਤਰਾ 'ਚ ਇਸ ਦਾ ਸੇਵਨ ਕਰਨਾ ਚਾਹੀਦਾ ਹੈ। ਅਮਰੀਕਨ ਕਾਲਜ ਆਫ ਆਬਸਟੇਟ੍ਰਿਸ਼ੀਅੰਸ ਐਂਡ ਗਾਇਨੀਕੋਲਾਜਿਸਟਸ ਦੇ ਮਾਹਿਰਾਂ ਮੁਤਾਬਕ ਘੱਟ ਮਾਤਰਾ 'ਚ ਕੌਫੀ ਦਾ ਸੇਵਨ ਕਰਨਾ ਸੁਰੱਖਿਅਤ ਹੁੰਦਾ ਹੈ। ਰੋਜ਼ਾਨਾ ਅੱਠ ਓਂਸ ਤੋਂ ਜ਼ਿਆਦਾ ਕੌਫੀ ਦਾ ਸੇਵਨ ਨਾ ਕਰੋ। ਇਹ 200 ਮਿਲੀਗ੍ਰਾਮ ਕੈਫੀਨ ਤੋਂ ਘੱਟ ਹੈ। ਡਾਕਟਰਾਂ ਦਾ ਮੰਨਣਾ ਹੈ ਕਿ 200 ਮਿਲੀਗ੍ਰਾਮ ਤੋਂ ਘੱਟ ਕੌਫੀ ਦਾ ਸੇਵਨ ਕਰਨ ਨਾਲ ਗਰਭਪਾਤ, ਸਮੇਂ ਤੋਂ ਪਹਿਲਾਂ ਡਿਲਿਵਰੀ ਹੋਣ ਵਰਗੀਆਂ ਸਮੱਸਿਆਵਾਂ ਨਹੀਂ ਹੁੰਦੀਆਂ।


ਗੁੰਝਲਤਾਵਾਂ ਵਧਣਾ ਸੰਭਵ
ਖੋਜ ਮੁਤਾਬਕ ਗਰਭਵਤੀ ਹਾਲਤ ਦੌਰਾਨ ਜ਼ਿਆਦਾ ਕੌਫੀ ਦਾ ਸੇਵਨ ਕਰਨ ਨਾਲ ਡਲਿਵਰੀ ਦੀਆਂ ਗੁੰਝਲਤਾਵਾਂ ਵੱਧ ਜਾਂਦੀਆਂ ਹਨ। ਨਾਲ ਹੀ ਜ਼ਿਆਦਾ ਕੌਫੀ ਦੇ ਸੇਵਨ ਨਾਲ ਭਰੂਣ ਦੇ ਵਿਕਾਸ 'ਚ ਵੀ ਪ੍ਰੇਸ਼ਾਨੀਆਂ ਆ ਸਕਦੀਆਂ ਹਨ। ਵਿਸ਼ਵ ਸਿਹਤ ਸੰਗਠਨ ਦੀ ਖੋਜ ਮੁਤਾਬਕ ਰੋਜ਼ਾਨਾ 300 ਮਿਲੀਗ੍ਰਾਮ ਤੋਂ ਜ਼ਿਆਦਾ ਕੌਫੀ ਦਾ ਸੇਵਨ ਕਰਨ ਨਾਲ ਗਰਭਪਾਤ ਹੋਣ ਦਾ ਖਤਰਾ ਵੱਧ ਜਾਂਦਾ ਹੈ ਅਤੇ ਡਲਿਵਰੀ ਦੌਰਾਨ ਬੱਚੇ ਦਾ ਭਾਰ ਤੈਅ ਮਾਪਦੰਡ ਤੋਂ ਘੱਟ ਹੋ ਸਕਦਾ ਹੈ। ਡਬਲਿਊ. ਐੱਚ. ਓ. ਦਾ ਮੰਨਣਾ ਹੈ ਕਿ ਗਰਭਵਤੀ ਔਰਤਾਂ ਨੂੰ ਰੋਜ਼ਾਨਾ 300 ਮਿਲੀਗ੍ਰਾਮ ਤੋਂ ਘੱਟ ਕੌਫੀ ਦਾ ਸੇਵਨ ਕਰਨਾ ਚਾਹੀਦਾ ਹੈ।

shivani attri

This news is Content Editor shivani attri