ਰਾਸ਼ਟਰੀ ਅੱਖਾਂਦਾਨ ਪੰਦਰਵਾੜੇ ਮੌਕੇ ਵਿਸ਼ੇਸ਼ : ਅੱਖਾਂ ਦਾਨ ਕਰਕੇ ਤੁਸੀਂ ਕਿਸੇ ਦੀ ਹਨੇਰੀ ਜ਼ਿੰਦਗੀ ਨੂੰ ਰੁਸ਼ਨਾ ਸਕਦੇ ਹੋ

09/01/2022 12:57:37 PM

ਮੈਡੀਕਲ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਹੋਈ ਬੇਤਹਾਸ਼ਾ ਤਰੱਕੀ ਕਾਰਨ ਅੱਜ ਇਹ ਸੰਭਵ ਹੋ ਸਕਿਆ ਹੈ ਕਿ ਅਸੀਂ ਆਪਣੇ ਕੁਝ ਸਰੀਰਕ ਅੰਗਾਂ ਦਾ ਦਾਨ ਕਰਕੇ ਜਾਂ ਖੂਨਦਾਨ ਜਿਹੇ ਨੇਕ ਸੇਵਾ ਕਾਰਜ ਨਾਲ ਕਿਸੇ ਨੂੰ ਜੀਵਨਦਾਨ ਦੇ ਸਕਦੇ ਹਾਂ ਅਤੇ ਕਿਸੇ ਦੇ ਜੀਵਨ ਵਿੱਚ ਖੁਸ਼ੀਆਂ ਭਰ ਸਕਦੇ ਹਾਂ।ਕਈ ਲੋਕਾਂ ਵੱਲੋਂ ਤਾਂ ਮੌਤ ਉਪਰੰਤ ਪੂਰਾ ਸਰੀਰ ਹੀ ਡਾਕਟਰੀ ਖੋਜਾਂ ਅਤੇ ਵਿਦਿਅਕ ਮੰਤਵਾਂ ਲਈ ਦਾਨ ਕੀਤਾ ਜਾ ਰਿਹਾ ਹੈ।ਅੰਗ ਦਾਨਾਂ ਵਿੱਚੋਂ ਹੀ ਇੱਕ ਹੈ ਅੱਖਾਂ ਦਾ ਦਾਨ ਜੋ ਕਿਸੇ ਦ੍ਰਿਸ਼ਟੀਹੀਣ ਦੇ ਜੀਵਨ ਦੇ ਹਨ੍ਹੇਰੇ ਵਿੱਚ ਚਾਨਣ ਦੀ ਛਿੱਟ ਲਿਆ ਸਕਦਾ ਹੈ।ਸਾਡੀਆਂ ਦਾਨ ਕੀਤੀਆਂ ਅੱਖਾਂ ਮੌਤ ਉਪਰੰਤ ਵੀ ਜੀਵਤ ਰਹਿ ਕੇ ਕਿਸੇ ਦੀ ਹਨੇਰੀ ਦੁਨੀਆਂ ਵਿੱਚ ਉਜਾਲਾ ਕਰ ਸਕਦੀਆਂ ਹਨ।ਜੇ ਅਸੀਂ ਇਸ ਖੂਬਸੂਰਤ ਜ਼ਿੰਦਗੀ ਨੂੰ ਬਿਨਾਂ ਅੱਖਾਂ ਦੀ ਨਜ਼ਰ ਤੋਂ ਜਿਉਣ ਬਾਰੇ ਸੋਚੀਏ ਤਾਂ ਸਾਡੇ ਅੱਗੇ ਹਨੇਰਾ ਜਿਹਾ ਜਾਪਣ ਲੱਗਦਾ ਹੈ ਤੇ ਅਜੀਬ ਜਿਹੀ ਘਬਰਾਹਟ ਵੀ ਹੋਣ ਲੱਗਦੀ ਹੈ।

ਇਹ ਰੰਗੀਨ ਜ਼ਿੰਦਗੀ ਵੀ ਉਦੋਂ ਤੱਕ ਹੀ ਖ਼ੂਬਸੂਰਤ ਹੈ,ਜਦੋਂ ਤੱਕ ਅੱਖਾਂ ਸਲਾਮਤ ਹਨ।ਬਿਨਾਂ ਅੱਖਾਂ ਦੇ ਇਹ ਦੁਨੀਆਂ ਦੇ ਰੰਗ ਕਾਲੇ ਤੇ ਜ਼ਿੰਦਗੀ ਫਿੱਕੀ ਲੱਗਦੀ ਹੈ ਪਰ ਤੁਸੀਂ ਸੋਚੋ ਕਿ ਇਸ ਦੁਨੀਆਂ ਵਿੱਚ ਅਜੇ ਵੀ ਕਈ ਅਣਗਿਣਤ ਦ੍ਰਿਸ਼ਟੀਹੀਣ ਲੋਕ ਹਨ ਜੋ ਇਸ ਦਰਦ ਨੂੰ ਹੰਢਾ ਰਹੇ ਹਨ। ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਕ ਸਾਡੇ ਦੇਸ਼ ਅੰਦਰ 15 ਮਿਲੀਅਨ ਲੋਕਾਂ ਨੂੰ ਅੱਖਾਂ ਦੀ ਲੋੜ ਹੈ ਜੋ ਕਿ ਕਿਸੇ ਹਾਦਸੇ ਕਾਰਨ ਜਾਂ ਬਚਪਨ ਸਮੇਂ ਅੰਨੇਪਣ ਦਾ ਸ਼ਿਕਾਰ ਹੋ ਗਏ ਹਨ। ਅੰਨੇਪਣ ਦੇ ਵਧਦੇ ਮਰੀਜ਼ਾਂ ਕਾਰਨ ਦਿਨ-ਬ-ਦਿਨ ਦਾਨੀ ਅੱਖਾਂ ਦੀ ਲੋੜ ਮੁਤਾਬਕ ਬਹੁਤ ਵੱਡੀ ਘਾਟ ਦੇਖਣ ਨੂੰ ਮਿਲ ਰਹੀ ਹੈ,ਇਸ ਘਾਟੇ ਨੂੰ ਅਸੀਂ ਤਾਂ ਹੀ ਪੂਰਾ ਕਰ ਸਕਦੇ ਹਾਂ ਜੇਕਰ ਅਸੀਂ ਅੱਖਾਂ ਦਾਨ ਕਰਨ ਦਾ ਇਹ ਸੁਨੇਹਾ ਘਰ-ਘਰ ਤੱਕ ਪਹੁੰਚਾਈਏ। ਅਸੀਂ ਖ਼ੁਦ ਵੀ ਅੱਖਾਂ ਦਾਨ ਕਰੀਏ ਅਤੇ ਜਨ ਸਮੂਹ ਨੂੰ ਵੀ ਇਸ ਦਾਨ ਦੀ ਮਹੱਤਤਾ ਬਾਰੇ ਸੁਚੇਤ ਕਰੀਏ। ਇਸ ਤਰ੍ਹਾਂ ਅਸੀਂ ਕਈਆਂ ਦੀ ਹਨੇਰੀ ਜ਼ਿੰਦਗੀ ਨੂੰ ਰੁਸ਼ਨਾ ਸਕਦੇ ਹਾਂ।

ਸਾਡੇ ਦੇਸ਼ ’ਚ ਸਵੈ-ਇੱਛਾ ਨਾਲ ਅੱਖਾਂ ਦਾਨ ਕਰਨ ਦੇ ਰਾਹ ’ਚ ਸਭ ਤੋਂ ਵੱਡੀ ਰੁਕਾਵਟ ਅੰਧ-ਵਿਸ਼ਵਾਸ ਤੇ ਭਰਮ-ਭੁਲੇਖੇ ਹਨ। ਇੱਥੇ ਕਈ ਲੋਕਾਂ ਦਾ ਇਹ ਮੰਨਣਾ ਹੈ ਕਿ ਜੇ ਵਿਅਕਤੀ ਦੀ ਮੌਤ ਪਿੱਛੋਂ ਅੱਖਾਂ ਕੱਢ ਲਈਆਂ ਜਾਣ ਤਾਂ ਉਹ ਅਗਲੇ ਜਨਮ ’ਚ ਅੱਖਾਂ ਤੋਂ ਵਾਂਝਾ ਪੈਦਾ ਹੋਵੇਗਾ ਜਾਂ ਫਿਰ ਉਸ ਦੀ ਆਤਮਾ ਨੂੰ ਸ਼ਾਂਤੀ ਹੀ ਨਹੀ ਮਿਲੇਗੀ ਪਰ ਅਜਿਹੇ ਭੁਲੇਖਿਆਂ ਅਤੇ ਵਹਿਮਾਂ ਤੋਂ ਲੋਕਾਂ ਨੂੰ ਦੂਰ ਕਰਨ ਲਈ ਸਿਹਤ ਵਿਭਾਗ ਦੀਆਂ ਟੀਮਾਂ ਅਤੇ ਕਈ ਸਮਾਜਸੇਵੀ ਸੰਸਥਾਵਾਂ ਹਰ ਸੰਭਵ ਉਪਰਾਲਾ ਕਰ ਰਹੀਆਂ ਹਨ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ,ਮੋਤੀਆ ਅਤੇ ਗਲੂਕੋਮਾ ਤੋਂ ਬਾਅਦ,ਕੌਰਨੀਆ(ਅੱਖਾਂ ਦੀ ਪਾਰਦਰਸ਼ਕ ਝਿੱਲੀ) ਸੰਬਧੀ ਬੀਮਾਰੀਆਂ ਅੱਖਾਂ ਦੇ ਨੁਕਸਾਨ ਅਤੇ ਅੰਨ੍ਹੇਪਣ ਦੇ ਮੁੱਖ ਕਾਰਨ ਹਨ।

ਬੀਮਾਰੀ,ਸੱਟ,ਕੁਪੋਸ਼ਣ ਜਾਂ ਇਨਫੈਕਸ਼ਨ ਦੇ ਕਾਰਨ ਕੌਰਨੀਆ ਧੁੰਦਲਾ ਹੋ ਸਕਦਾ ਹੈ ਅਤੇ ਨਜ਼ਰ ਘਟ ਜਾਂਦੀ ਹੈ।ਕੌਰਨੀਆ ਦੀ ਬੀਮਾਰੀ ਨਾਲ ਹੋਣ ਵਾਲਾ ਅੰਨ੍ਹਾਪਣ ਪੁਤਲੀ ਬਦਲਣ ਦੇ ਆਪਰੇਸ਼ਨ ਨਾਲ ਦੂਰ ਕੀਤਾ ਜਾ ਸਕਦਾ ਹੈ। ਜਿੱਥੇ ਧੁੰਦਲੇ ਕੌਰਨੀਆ ਦੀ ਥਾਂ 'ਤੇ ਦਾਨੀ ਅੱਖ ਤੋਂ ਇੱਕ ਸਿਹਤਮੰਦ ਕੌਰਨੀਆ ਮਰੀਜ਼ ਦੀ ਅੱਖ ਵਿੱਚ ਟਰਾਂਸਪਲਾਂਟ ਕਰ ਦਿੱਤਾ ਜਾਂਦਾ ਹੈ।ਲੋਕ ਸਵੈ-ਇੱਛਾ ਨਾਲ ਅੱਗੇ ਆਉਣ ਅਤੇ ਮੌਤ ਤੋਂ ਬਾਅਦ ਅੱਖਾਂ ਦਾਨ ਕਰਨ ਲਈ ਜਿਉਂਦੇ ਜੀਅ ਸਹੁੰ ਚੁੱਕਣ ਅਤੇ ਲੋੜਵੰਦਾਂ ਨੂੰ ਦ੍ਰਿਸ਼ਟੀ ਤੋਹਫਾ ਦੇਣ ਵਰਗੇ ਨੇਕ ਕੰਮ ਵਿੱਚ ਹਿੱਸਾ ਪਾਉਣ। ਮੌਤ ਤੋਂ ਬਾਅਦ ਅੱਖਾਂ ਦਾਨ ਕਰਨ ਦੇ ਇਛੁੱਕ ਵਿਅਕਤੀ ਆਨ-ਲਾਈਨ ਫਾਰਮ ਭਰ ਸਕਦੇ ਹਨ ਜਾਂ ਆਪਣਾ ਰਜਿਸਟ੍ਰੇਸ਼ਨ ਫ਼ਾਰਮ ਭਰਨ ਲਈ ਨੇੜੇ ਦੇ ਸਿਹਤ ਕੇਂਦਰ,ਹਸਪਤਾਲ ਜਾਂ ਸਿਹਤ ਵਿਭਾਗ ਦੇ ਮੈਡੀਕਲ,ਪੈਰਾ-ਮੈਡੀਕਲ ਸਟਾਫ ਅਤੇ ਆਸ਼ਾ ਵਰਕਰ ਨਾਲ ਸੰਪਰਕ ਕਰ ਸਕਦੇ ਹਨ। ਇੱਕ ਵਿਅਕਤੀ ਦੇ ਅੱਖਾਂ ਦਾਨ ਕਰਨ ਨਾਲ ਦੋ ਨੇਤਰਹੀਣ ਵਿਅਕਤੀਆਂ ਨੂੰ ਨਜ਼ਰ ਮਿਲ ਸਕਦੀ ਹੈ। ਅੱਖਾਂ ਦਾਨ ਦਾ ਮਤਲਬ ਹੈ ਕਿ ਪਰਿਵਾਰ ਦੀ ਸਹਿਮਤੀ ਨਾਲ ਟਰਾਂਸਪਲਾਂਟ ਲਈ ਮੌਤ ਤੋਂ ਬਾਅਦ ਕਿਸੇ ਵਿਅਕਤੀ ਦੀਆਂ ਅੱਖਾਂ ਦਾਨ ਕਰਨਾ।

ਅੱਖਾਂ ਦਾਨ ਕਿਵੇਂ ਅਤੇ ਕਦੋਂ 

ਵਿਅਕਤੀ ਦੀ ਮੌਤ ਦੇ 6-8 ਘੰਟਿਆਂ ਦੇ ਅੰਦਰ ਅੱਖਾਂ ਦਾਨ ਕਰ ਦੇਣੀਆਂ ਚਾਹੀਦੀਆਂ ਹਨ। ਕੋਈ ਵੀ ਵਿਅਕਤੀ ਸਵੈ-ਇੱਛਾ ਨਾਲ ਮੌਤ ਤੋਂ ਪਹਿਲਾਂ ਦਾਨੀ ਬਣ ਸਕਦਾ ਹੈ, ਭਾਵੇਂ ਕਿਸੇ ਵੀ ਉਮਰ,ਲਿੰਗ,ਬਲੱਡ ਗਰੁੱਪ ਜਾਂ ਧਰਮ-ਜਾਤੀ ਦਾ ਕਿਉਂ ਨਾ ਹੋਵੇ। ਮੋਤੀਆਬਿੰਦ ਜਾਂ ਐਨਕਾਂ ਵਾਲਾ ਕੋਈ ਵੀ ਵਿਅਕਤੀ ਅੱਖਾਂ ਦਾਨ ਕਰ ਸਕਦਾ ਹੈ। ਜੇ ਕੋਈ ਹਾਈਪਰਟੈਂਸ਼ਨ ਤੋਂ ਪੀੜ੍ਹਤ ਵਿਅਕਤੀ, ਸ਼ੂਗਰ ਰੋਗੀ ਵੀ ਅੱਖਾਂ ਦਾਨ ਕਰ ਸਕਦਾ ਹੈ। ਮੌਤ ਤੋਂ ਬਾਅਦ ਮਾਹਿਰਾਂ ਵੱਲੋਂ ਅੱਖਾਂ ਕੁਲੈਕਟ ਕਰਨ ਦੀ ਖੂਨ ਰਹਿਤ ਪ੍ਰਕਿਰਿਆ ਵਿੱਚ 15-20 ਮਿੰਟ ਦਾ ਸਮਾਂ ਲਗਦਾ ਹੈ ਅਤੇ ਇਸ ਦੌਰਾਨ ਦਾਨੀ ਦੇ ਚਿਹਰੇ ਵਿੱਚ ਕੋਈ ਵਿਗਾੜ ਨਹੀਂ ਪੈਂਦਾ। ਨੇੜੇ ਦੇ ਆਈ ਬੈਂਕ ਦੀ ਟੀਮ ਮ੍ਰਿਤਕ ਦੀ ਸੂਚਨਾ ਮਿਲਦੇ ਹੀ ਦਾਨੀ ਦੇ ਘਰ ਜਾਂ ਕਿਸੇ ਹੋਰ ਸਥਾਨ `ਤੇ ਪਹੁੰਚ ਜਾਂਦੀ ਹੈ।

ਅੱਖਾਂ ਦਾਨ ਕਰਨ ਸਬੰਧੀ ਵਾਅਦਾ ਕਰਨ ਤੋਂ ਬਾਅਦ ਕਿਰਪਾ ਕਰਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਅੱਖਾਂ ਦਾਨ ਕਰਨ ਦੀ ਆਪਣੀ ਇੱਛਾ ਬਾਰੇ ਜ਼ਰੂਰ ਦੱਸੋ ਤਾਂ ਜੋ ਉਹ ਤੁਹਾਡੀ ਇੱਛਾ ਪੂਰੀ ਕਰ ਸਕਣ। ਤੁਸੀਂ ਅੱਖਾਂ ਦਾਨ ਕਰਕੇ ਕਿਸੇ ਨੂੰ ਇੱਕ ਚਮਕਦਾਰ ਕੱਲ੍ਹ ਦੇ ਸਕਦੇ ਹੋ। ਅੱਖਾਂ ਦੇ ਬੈਂਕ ਮਨੁੱਖੀ ਅੰਗ ਟਰਾਂਸਪਲਾਂਟੇਸ਼ਨ ਐਕਟ ਅਧੀਨ ਆਉਂਦੇ ਹਨ। ਦਾਨ ਕੀਤੀਆਂ ਅੱਖਾਂ ਨੂੰ ਵੇਚਿਆ ਨਹੀਂ ਜਾ ਸਕਦਾ ਕਿਉਂਕਿ ਇਹ ਐਕਟ ਤਹਿਤ ਅਪਰਾਧ ਮੰਨਿਆ ਜਾਂਦਾ ਹੈ। ਵਿਦਿਅਕ,ਧਾਰਮਿਕ ਅਦਾਰਿਆਂ,ਸਮਾਜਸੇਵੀ ਜੱਥੇਬੰਦੀਆਂ,ਪੰਚਾਇਤਾਂ ਅਤੇ ਕਲੱਬਾਂ ਨੂੰ ਅੱਖਾਂ ਦਾਨ ਕਰਨ ਸਬੰਧੀ ਜਾਗ੍ਰਿਤੀ ਪੈਦਾ ਕਰਕੇ ਲੋਕਾਂ ਨੂੰ ਨੇਤਰਦਾਨ ਬਾਰੇ ਪ੍ਰੇਰਿਤ ਕਰਨ ਤਾਂ ਜੋ ਦਾਨ ਕੀਤੀਆਂ ਅੱਖਾਂ ਨਾਲ ਕਿਸੇ ਦਾ ਜੀਵਨ ਰੌਸ਼ਨ ਹੋ ਸਕੇ।

ਡਾ.ਪ੍ਰਭਦੀਪ ਸਿੰਘ ਚਾਵਲਾ, ਬੀ.ਈ.ਈ
(ਨੋਡਲ ਅਫ਼ਸਰ ਆਈ.ਈ.ਸੀ ਗਤੀਵਿਧੀਆਂ ਸਿਹਤ ਵਿਭਾਗ,ਫਰੀਦਕੋਟ)

Simran Bhutto

This news is Content Editor Simran Bhutto