Health Tips : ਜਾਣੋ ਕਿਉਂ ਹੁੰਦੀ ਹੈ ਪੈਰਾਂ ’ਚ ਸੋਜ ਦੀ ਸਮੱਸਿਆ, ਲੂਣ ਸਣੇ ਇਹ ਘਰੇਲੂ ਨੁਸਖ਼ੇ ਦਿਵਾਉਣਗੇ ਰਾਹਤ

11/29/2022 5:09:13 PM

ਜਲੰਧਰ (ਬਿਊਰੋ)– ਜਦੋਂ ਸਰੀਰ ’ਚ ਤਰਲ ਪਦਾਰਥ ਜ਼ਿਆਦਾ ਇਕੱਠਾ ਹੋਣ ਲੱਗਦਾ ਹੈ, ਉਦੋਂ ਅਡੀਮਾ ਯਾਨੀ ਕਿ ਸਰੀਰ ’ਚ ਸੋਜ ਆਉਣ ਲੱਗਦੀ ਹੈ। ਜਦੋਂ ਚਮੜੀ ਦੇ ਥੱਲੇ ਖ਼ੂਨ ਇਕੱਠਾ ਹੋ ਜਾਂਦਾ ਹੈ ਤਾਂ ਉਦੋਂ ਇਹ ਸੋਜ ਲੱਤਾਂ ਤੇ ਪੈਰਾਂ ’ਤੇ ਨਜ਼ਰ ਆਉਂਦੀ ਹੈ। ਪੈਰਾਂ ’ਤੇ ਆਈ ਹੋਈ ਸੋਜ ਨੂੰ ਪਿਡਲ ਅਡੀਮਾ ਕਹਿੰਦੇ ਹਨ। ਉਂਝ ਤਾਂ ਇਹ ਇਕ ਆਮ ਸਮੱਸਿਆ ਹੈ, ਜਿਸ ’ਚ ਦਰਦ ਜਾਂ ਫਿਰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਮਹਿਸੂਸ ਨਹੀਂ ਹੁੰਦੀ। ਜੇਕਰ ਇਹ ਸਮੱਸਿਆ ਜ਼ਿਆਦਾ ਦਿਨ ਰਹਿੰਦੀ ਹੈ ਤਾਂ ਸਰੀਰ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ। ਇਸ ਲਈ ਇਸ ਸਮੱਸਿਆ ਨੂੰ ਜਲਦੀ ਠੀਕ ਕਰਨਾ ਬਹੁਤ ਜ਼ਰੂਰੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਪੈਰਾਂ ’ਚ ਸੋਜ ਹੋਣ ਦੇ ਮੁੱਖ ਕਾਰਨ, ਲੱਛਣ ਤੇ ਸੋਜ ਘੱਟ ਕਰਨ ਲਈ ਘਰੇਲੂ ਨੁਸਖ਼ੇ।

ਪੈਰਾਂ ’ਚ ਸੋਜ ਦੇ ਲੱਛਣ

  • ਸਿਰ ’ਚ ਦਰਦ ਹੋਣਾ
  • ਢਿੱਡ ’ਚ ਦਰਦ ਹੋਣਾ
  • ਜੀਅ ਕੱਚਾ ਹੋਣਾ, ਉਲਟੀ ਆਉਣੀ
  • ਸਰੀਰ ’ਚ ਸੁਸਤੀ ਆਉਣਾ
  • ਦੇਖਣ ਦੀ ਸਮਰੱਥਾ ਘੱਟ ਹੋਣੀ
  • ਹੱਥਾਂ ਤੇ ਪੈਰਾਂ ਦੀਆਂ ਨਸਾਂ ਉੱਭਰਨੀਆਂ
  • ਭਾਰ ’ਤੇ ਅਸਰ ਪੈਣਾ
  • ਜੋੜਾਂ ’ਚ ਅਕੜਨ ਮਹਿਸੂਸ ਹੋਣੀ
  • ਚਮੜੀ ਦਾ ਰੰਗ ਲਾਲ ਹੋਣਾ ਜਾਂ ਫਿਰ ਸੋਜ ਆਉਣੀ
  • ਬਲੱਡ ਪ੍ਰੈਸ਼ਰ ਵਧਣਾ
  • ਚਿਹਰਾ, ਅੱਖਾਂ ਤੇ ਚਮੜੀ ’ਤੇ ਸੋਜ ਮਹਿਸੂਸ ਹੋਣੀ

ਪੈਰਾਂ ’ਚ ਸੋਜ ਹੋਣ ਦੇ ਮੁੱਖ ਕਾਰਨ

  1. ਕਈ ਵਾਰ ਖ਼ੂਨ ’ਚ ਪ੍ਰੋਟੀਨ ਦੀ ਘਾਟ ਹੋਣ ਕਾਰਨ ਪੈਰਾਂ ’ਚ ਸੋਜ ਦੀ ਸਮੱਸਿਆ ਹੋ ਜਾਂਦੀ ਹੈ। ਸਾਡੇ ਖ਼ੂਨ ’ਚ ਐਲਬਿਊਮਿਨ ਨਾਮ ਦਾ ਪ੍ਰੋਟੀਨ ਪਾਇਆ ਜਾਂਦਾ ਹੈ, ਜੋ ਸਾਡੇ ਖ਼ੂਨ ਅੰਦਰ ਤਰਲ ਪਦਾਰਥ ਨੂੰ ਰੱਖਣ ’ਚ ਸਹਾਇਕ ਹੁੰਦਾ ਹੈ। ਜੇਕਰ ਇਸ ਦੀ ਘਾਟ ਹੋ ਜਾਵੇ ਤਾਂ ਉਹ ਤਰਲ ਪਦਾਰਥ ਰਿਸਣ ਲੱਗਦਾ ਹੈ ਤੇ ਪੈਰਾਂ ’ਚ ਸੋਜ ਆ ਜਾਂਦੀ ਹੈ। ਇਸ ਸੋਜ ਨੂੰ ਕਦੇ ਵੀ ਅਣਦੇਖਿਆ ਨਹੀਂ ਕਰਨਾ ਚਾਹੀਦਾ।
  2. ਜਿਨ੍ਹਾਂ ਲੋਕਾਂ ਨੂੰ ਕਿਡਨੀ ਜਾਂ ਫਿਰ ਲੀਵਰ ’ਚ ਕੋਈ ਵੀ ਸਮੱਸਿਆ ਹੁੰਦੀ ਹੈ, ਅਕਸਰ ਉਨ੍ਹਾਂ ਦੇ ਪੈਰਾਂ ’ਤੇ ਸੋਜ ਆਉਣ ਲੱਗਦੀ ਹੈ। ਇਹ ਵੀ ਇਕ ਪ੍ਰੋਟੀਨ ਦੀ ਕਮੀ ਦੇ ਕਾਰਨ ਹੁੰਦਾ ਹੈ। ਜਦੋਂ ਲੀਵਰ ਪੂਰੀ ਮਾਤਰਾ ’ਚ ਐਲਬਿਊਮਿਨ ਪ੍ਰੋਟੀਨ ਨਹੀਂ ਬਣਾਦਾ ਜਾਂ ਫਿਰ ਕਿਡਨੀ ਪਿਸ਼ਾਬ ਰਾਹੀਂ ਇਸ ਪ੍ਰੋਟੀਨ ਨੂੰ ਸਰੀਰ ’ਚੋਂ ਬਾਹਰ ਕੱਢ ਦਿੰਦੀ ਹੈ ਤਾਂ ਉਸ ਸਮੇਂ ਸਰੀਰ ’ਚ ਸੋਜ ਦੀ ਸਮੱਸਿਆ ਹੋਣ ਲੱਗਦੀ ਹੈ।
  3. ਜਿਨ੍ਹਾਂ ਲੋਕਾਂ ਦਾ ਦਿਲ ਕਮਜ਼ੋਰ ਹੁੰਦਾ ਹੈ, ਉਨ੍ਹਾਂ ਦੇ ਸਰੀਰ ’ਚ ਬਲੱਡ ਨੂੰ ਪੰਪ ਕਰਨ ’ਚ ਦਿੱਕਤ ਹੁੰਦੀ ਹੈ, ਜਿਸ ਕਾਰਨ ਖ਼ੂਨ ਦੀਆਂ ਨਸਾਂ ’ਚ ਤਰਲ ਪਦਾਰਥ ਨਿਕਲ ਕੇ ਚਮੜੀ ’ਚ ਮੌਜੂਦ ਹੋਣ ਲੱਗਦਾ ਹੈ ਤੇ ਸੋਜ ਆਉਣ ਲੱਗਦੀ ਹੈ। ਇਸ ਕਾਰਨ ਹੱਥਾਂ, ਪੈਰਾਂ ਤੇ ਲੱਤਾਂ ’ਤੇ ਸੋਜ ਦੀ ਸਮੱਸਿਆ ਹੋ ਜਾਂਦੀ ਹੈ।
  4. ਕੁਝ ਲੋਕਾਂ ਨੂੰ ਚਮੜੀ ਦੀ ਅਲਰਜੀ ਦੀ ਸ਼ਿਕਾਇਤ ਰਹਿੰਦੀ ਹੈ। ਇਸ ਕਾਰਨ ਲੱਤਾਂ ਤੇ ਪੈਰਾਂ ’ਤੇ ਸੋਜ ਆ ਸਕਦੀ ਹੈ।

ਪੈਰਾਂ ਦੀ ਸੋਜ ਲਈ ਘਰੇਲੂ ਨੁਸਖ਼ੇ

  • ਮਾਲਿਸ਼ ਨਾਲ ਇਸ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ। ਮਾਲਿਸ਼ ਕਰਨ ਨਾਲ ਬਲੱਡ ਸਰਕੂਲੇਸ਼ਨ ਵਧਦਾ ਹੈ। ਪੈਰਾਂ ਦੀ ਮਾਲਿਸ਼ ਕਰਨ ਨਾਲ ਇਨ੍ਹਾਂ ’ਚ ਜਮ੍ਹਾ ਹੋਇਆ ਤਰਲ ਪਦਾਰਥ ਹੱਟ ਜਾਂਦਾ ਹੈ ਤੇ ਸੋਜ ਘੱਟ ਜਾਂਦੀ ਹੈ।
  • ਜੇਕਰ ਤੁਸੀਂ ਲੂਣ ਦਾ ਸੇਵਨ ਜ਼ਿਆਦਾ ਕਰਦੇ ਹੋ ਤਾਂ ਫਿਰ ਵੀ ਤਰਲ ਪਦਾਰਥ ਇਕੱਠੇ ਹੋਣ ਦੀ ਗਤੀ ਵੱਧ ਜਾਂਦੀ ਹੈ ਤੇ ਸੋਜ ਵੀ ਵੱਧ ਜਾਂਦੀ ਹੈ। ਇਸ ਲਈ ਸੋਜ ਦੀ ਸਮੱਸਿਆ ਹੋਣ ’ਤੇ ਨਮਕ ਦਾ ਸੇਵਨ ਘੱਟ ਮਾਤਰਾ ’ਚ ਕਰਨਾ ਚਾਹੀਦਾ ਹੈ।
  • ਸੋਜ ਦੀ ਸਮੱਸਿਆ ਹੋਣ ’ਤੇ ਰੋਜ਼ਾਨਾ ਕਸਰਤ ਜ਼ਰੂਰ ਕਰੋ। ਇਸ ਨਾਲ ਸੋਜ ਦੀ ਸਮੱਸਿਆ ਘੱਟ ਹੋ ਜਾਵੇਗੀ ਕਿਉਂਕਿ ਕੁਝ ਲੋਕਾਂ ’ਚ ਸਰੀਰਕ ਗਤੀਵਿਧੀ ਘੱਟ ਹੋਣ ਕਾਰਨ ਹੱਥਾਂ-ਪੈਰਾਂ ’ਚ ਸੋਜ ਰਹਿਣ ਲੱਗਦੀ ਹੈ। ਇਸ ਨਾਲ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh