ਇਨ੍ਹਾਂ 4 ਘਰੇਲੂ ਨੁਸਖ਼ਿਆਂ ਨਾਲ ਕਰੋ ਪਿੱਤ ਦਾ ਇਲਾਜ, ਕੁਝ ਘੰਟਿਆਂ ’ਚ ਮਿਲੇਗੀ ਰਾਹਤ

06/17/2023 12:43:34 PM

ਜਲੰਧਰ (ਬਿਊਰੋ)– ਅੱਤ ਦੀ ਗਰਮੀ ਤੇ ਪਸੀਨੇ ਕਾਰਨ ਪਿੱਠ ਜਾਂ ਸਰੀਰ ਦੇ ਹੋਰ ਹਿੱਸਿਆਂ ’ਤੇ ਪਿੱਤ ਨਿਕਲ ਆਉਂਦੀ ਹੈ। ਬੱਚਾ ਹੋਵੇ ਜਾਂ ਜਵਾਨ, ਚਮੜੀ ਦੀ ਇਹ ਸਮੱਸਿਆ ਕਿਸੇ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਇਸ ਕਾਰਨ ਚਮੜੀ ’ਤੇ ਪਿੱਤ ਜਾਂ ਖਾਰਸ਼ ਵਾਲੇ ਧੱਫੜ ਹੋ ਜਾਂਦੇ ਹਨ। ਪਿੱਠ ’ਤੇ ਲਾਲੀ ਇਸ ਹੱਦ ਤੱਕ ਵੱਧ ਜਾਂਦੀ ਹੈ ਕਿ ਦਿਨ ਦਾ ਆਰਾਮ ਤੇ ਰਾਤ ਦੀ ਨੀਂਦ ਵੀ ਗੁਆਚ ਜਾਂਦੀ ਹੈ। ਇਸ ਦਾ ਇਲਾਜ ਦਵਾਈ ਨਾਲ ਕਰਨਾ ਤਾਂ ਠੀਕ ਹੈ ਪਰ ਕਈ ਘਰੇਲੂ ਨੁਸਖ਼ੇ ਹਨ, ਜਿਨ੍ਹਾਂ ਦੀ ਵਰਤੋਂ ਨਾਲ ਇਸ ਸਮੱਸਿਆ ਨੂੰ ਦੋ ਦਿਨਾਂ ’ਚ ਦੂਰ ਕੀਤਾ ਜਾ ਸਕਦਾ ਹੈ।

ਕੀ ਤੁਸੀਂ ਜਾਂ ਤੁਹਾਡਾ ਬੱਚਾ ਗਰਮੀ ’ਚ ਪਿੱਤ ਤੋਂ ਪ੍ਰੇਸ਼ਾਨ ਹੈ? ਤਾਂ ਇਨ੍ਹਾਂ ਘਰੇਲੂ ਨੁਸਖ਼ਿਆਂ ਨਾਲ ਤੁਸੀਂ ਪਿੱਤ ਤੋਂ ਰਾਹਤ ਪਾ ਸਕਦੇ ਹੋ। ਖ਼ਾਸ ਗੱਲ ਇਹ ਹੈ ਕਿ ਤੁਸੀਂ ਇਨ੍ਹਾਂ ਘਰੇਲੂ ਨੁਸਖ਼ਿਆਂ ਨੂੰ ਆਸਾਨੀ ਨਾਲ ਅਪਣਾ ਸਕਦੇ ਹੋ ਤੇ ਇਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਹੈ।

ਨਾਰੀਅਲ ਦੇ ਤੇਲ ’ਚ ਕਪੂਰ
ਚਮੜੀ ਨੂੰ ਠੀਕ ਕਰਨ ਲਈ ਨਾਰੀਅਲ ਤੇਲ ਦੀ ਵਰਤੋਂ ਲੰਬੇ ਸਮੇਂ ਤੋਂ ਕੀਤੀ ਜਾਂਦੀ ਹੈ। ਨਾਰੀਅਲ ਤੇਲ ’ਚ ਐਂਟੀ-ਬੈਕਟੀਰੀਅਲ ਤੱਤ ਪਾਏ ਜਾਂਦੇ ਹਨ, ਜੋ ਚਮੜੀ ਨੂੰ ਠੀਕ ਕਰਨ ਦਾ ਕੰਮ ਕਰਦੇ ਹਨ ਤੇ ਕਪੂਰ ਚਮੜੀ ਦੀ ਦੇਖਭਾਲ ’ਚ ਵੀ ਕਾਰਗਰ ਹੈ। ਇਕ ਕੋਲੀ ’ਚ ਨਾਰੀਅਲ ਤੇਲ ਲਓ ਤੇ ਉਸ ’ਚ ਕਪੂਰ ਮਿਲਾ ਕੇ ਗਰਮ ਕਰੋ। ਹੁਣ ਇਸ ਨੂੰ ਗਰਮੀ ਤੋਂ ਪ੍ਰਭਾਵਿਤ ਚਮੜੀ ’ਤੇ ਲਗਾਓ ਤੇ ਇਸ ਤਰ੍ਹਾਂ ਹੀ ਛੱਡ ਦਿਓ। ਨਹਾਉਣ ਤੋਂ ਪਹਿਲਾਂ ਇਸ ਨੁਸਖ਼ੇ ਨੂੰ ਅਜ਼ਮਾਓ ਤੇ ਫਰਕ ਦੇਖੋ।

ਖੀਰੇ ਦੀ ਨੁਸਖ਼ਾ
ਚਮੜੀ ’ਚ ਪਾਣੀ ਦੀ ਕਮੀ ਕਾਰਨ ਪਿੱਤ ਜਾਂ ਧੱਫੜ ਹੋ ਸਕਦੇ ਹਨ। ਖੀਰੇ ਦੇ ਨੁਸਖ਼ੇ ਨਾਲ ਤੁਸੀਂ ਰਾਹਤ ਪਾ ਸਕਦੇ ਹੋ। ਖੀਰੇ ਨੂੰ ਕਿਸੇ ਭਾਂਡੇ ’ਚ ਪੀਸ ਕੇ ਉਸ ’ਚ ਨਿੰਬੂ ਦਾ ਰਸ ਮਿਲਾ ਕੇ ਚਮੜੀ ’ਤੇ ਲਗਾਓ। ਇਸ ਨੂੰ ਪਿੱਤ ’ਤੇ ਲਗਾਉਣ ਨਾਲ ਠੰਡਕ ਦਾ ਅਹਿਸਾਸ ਹੁੰਦਾ ਹੈ। ਖੀਰੇ ’ਚ 97 ਫ਼ੀਸਦੀ ਪਾਣੀ ਹੁੰਦਾ ਹੈ, ਇਹ ਚਮੜੀ ਨੂੰ ਲੰਬੇ ਸਮੇਂ ਤੱਕ ਹਾਈਡ੍ਰੇਟ ਰੱਖ ਸਕਦਾ ਹੈ।

ਨਿੰਮ ਦੇ ਪੱਤੇ
ਨਿੰਮ ਦੀਆਂ ਪੱਤੀਆਂ ਦੀ ਵਰਤੋਂ ਪ੍ਰਾਚੀਨ ਕਾਲ ਤੋਂ ਚਮੜੀ ਤੇ ਢਿੱਡ ਦੇ ਇਲਾਜ ਲਈ ਕੀਤੀ ਜਾਂਦੀ ਰਹੀ ਹੈ। ਆਯੁਰਵੈਦ ਅਨੁਸਾਰ ਨਿੰਮ ਦੀਆਂ ਪੱਤੀਆਂ ’ਚ ਐਂਟੀਸੈਪਟਿਕ ਤੇ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਕਿ ਪਿੱਤ ਜਾਂ ਧੱਫੜ ਨੂੰ ਦੂਰ ਕਰਨ ਦੇ ਸਮਰੱਥ ਹਨ। ਨਿੰਮ ਦੀਆਂ ਪੱਤੀਆਂ ਨਾਲ ਇਲਾਜ ਕਰਨ ਲਈ ਪਹਿਲਾਂ ਉਨ੍ਹਾਂ ਦਾ ਪੇਸਟ ਬਣਾਓ ਤੇ ਫਿਰ ਇਸ ਨੂੰ ਪਿੱਤ ’ਤੇ ਲਗਾਓ। ਇਸ ਤੋਂ ਬਾਅਦ ਇਸ਼ਨਾਨ ਕਰੋ। ਤੁਸੀਂ ਚਾਹੋ ਤਾਂ ਇਸ ਪੇਸਟ ਨੂੰ ਨਹਾਉਣ ਵਾਲੇ ਪਾਣੀ ’ਚ ਮਿਲਾ ਕੇ ਵੀ ਨਹਾ ਸਕਦੇ ਹੋ।

ਐਲੋਵੇਰਾ ਜੈੱਲ
ਐਲੋਵੇਰਾ ਨੂੰ ਵੀ ਪਿੱਤ ਦੇ ਇਲਾਜ ’ਚ ਚਮੜੀ ’ਤੇ ਲਗਾਇਆ ਜਾ ਸਕਦਾ ਹੈ। ਇਸ ’ਚ ਐਂਟੀ-ਬੈਕਟੀਰੀਅਲ ਤੇ ਐਂਟੀਸੈਪਟਿਕ ਗੁਣ ਹੁੰਦੇ ਹਨ। ਇਹ ਗੁਣ ਚਮੜੀ ਨੂੰ ਠੀਕ ਕਰਨ ਦਾ ਕੰਮ ਕਰਦੇ ਹਨ ਤੇ ਐਲੋਵੇਰਾ ਚਮੜੀ ਨੂੰ ਠੰਡਕ ਵੀ ਦਿੰਦਾ ਹੈ।

ਨੋਟ– ਪਿੱਤ ’ਚ ਤੁਸੀਂ ਕਿਹੜਾ ਦੇਸੀ ਨੁਸਖ਼ਾ ਅਪਣਾਉਂਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh