ਸਿਹਤ ਵਿਗਾੜਦੇ ਹਨ ਡੱਬਾ ਬੰਦ ਜੂਸ

03/26/2017 3:01:13 PM

ਜਲੰਧਰ— ਗਰਮੀਆਂ ਦੇ ਆਉਂਦੇ ਹੀ ਲੋਕਾਂ ਦਾ ਖਾਣ-ਪੀਣ ਪੂਰੀ ਤਰ੍ਹਾਂ ਬਦਲ ਜਾਂਦਾ ਹੈ। ਅਜਿਹੀਆਂ ਚੀਜ਼ਾਂ ਦੀ ਵਰਤੋਂ ਵਧੇਰੇ ਕੀਤੀ ਜਾਂਦੀ ਹੈ ਜੋ ਗਰਮੀਆਂ ''ਚ ਠੰਡਕ ਦਾ ਅਹਿਸਾਸ ਕਰਵਾਉਂਦੀਆਂ ਹਨ। ਬੱਚੇ ਹੋਣ ਜਾਂ ਵੱਡੇ, ਸਭ ਨੂੰ ਆਈਸਕ੍ਰੀਮ, ਸਾਫਟ ਡ੍ਰਿੰਕਸ ਅਤੇ ਜੂਸ ਆਦਿ ਪਸੰਦ ਆਉਂਦੇ ਹਨ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਡੱਬਾ ਬੰਦ ਜੂਸ ਦੀ ਵਰਤੋਂ ਵਧੇਰੇ ਕਰਦੇ ਹਨ। ਜੇ ਡੱਬਾ ਬੰਦ ਜੂਸ ਦੀ ਥਾਂ ਤਾਜ਼ੇ ਫਲਾਂ ਦੀ ਵਰਤੋਂ ਕੀਤੀ ਜਾਵੇ ਤਾਂ ਵਧੀਆ ਹੈ ਕਿਉਂਕਿ ਇਹ ਪੈਕਡ ਜੂਸ ਤੁਹਾਡੀ ਸਿਹਤ ਨੂੰ ਲਾਭ ਪਹੁੰਚਾਉਣ ਦੀ ਬਜਾਏ ਨੁਕਸਾਨ ਪਹੁੰਚਾਉਂਦੇ ਹਨ। ਅਸਲ ਵਿਚ ਫਲਾਂ ਵਿਚ ਕੁਦਰਤੀ ਮਿਠਾਸ ਅਤੇ ਰੰਗ ਹੁੰਦਾ ਹੈ। ਇਸ ਲਈ ਇਸ ''ਚ ਵੱਖਰੇ ਤੌਰ ''ਤੇ ਮਿਠਾਸ ਮਿਲਾਉਣ ਅਤੇ ਰੰਗ ਪਾਉਣ ਦੀ ਲੋੜ ਨਹੀਂ ਹੁੰਦੀ।
ਮਾਹਿਰਾਂ ਦੀ ਮੰਨੀਏ ਤਾਂ ਡੱਬਾ ਬੰਦ ਜੂਸ ਵਿਚ ਵਧੇਰੇ ਮਿਠਾਸ ਹੁੰਦੀ ਹੈ ਜੋ ਸਿਹਤ ਦਾ ਨੁਕਸਾਨ ਕਰਦੀ ਹੈ। ਬੱਚਿਆਂ ਲਈ ਇਹ ਵਿਸ਼ੇਸ਼ ਤੌਰ ''ਤੇ ਨੁਕਸਾਨਦੇਹ ਹੈ ਕਿਉਂਕਿ ਇਸ ਨਾਲ ਸਰੀਰ ਵਿਚ ਸ਼ੂਗਰ ਦੀ ਮਾਤਰਾ ਵਧ ਜਾਂਦੀ ਹੈ। ਇਸ ਕਾਰਨ ਛੋਟੀ ਉਮਰ ਵਿਚ ਹੀ ਮੋਟਾਪੇ ਵਰਗੀਆਂ ਬੀਮਾਰੀਆਂ ਦਾ ਖਤਰਾ ਪੈਦਾ ਹੋ ਜਾਂਦਾ ਹੈ। ਇਸ ਦੀ ਥਾਂ ''ਤੇ ਤਾਜ਼ੇ ਫਲ, ਤਾਜ਼ਾ ਕੱਢਿਆ ਜੂਸ ਅਤੇ ਲੱਸੀ ਆਦਿ ਦੀ ਵਰਤੋਂ ਕਰਨੀ ਵਧੀਆ ਹੈ। ਕੋਲੈਸਟਰੋਲ ਨੂੰ ਕੰਟਰੋਲ ਵਿਚ ਕਰਨ ਅਤੇ ਤੇਜ਼ਾਬੀ ਮਾਦੇ ਤੋਂ ਰਾਹਤ ਦਿਵਾਉਣ ਲਈ ਲੱਸੀ ਉਤਮ ਹੈ।
- ਡੱਬਾ ਬੰਦ ਜੂਸ ਦੇ ਨੁਕਸਾਨ
1. ਪੌਸ਼ਟਿਕ ਤੱਤਾਂ ਦੀ ਕਮੀ
ਜੇ ਤੁਸੀਂ ਇਹ ਸੋਚਦੇ ਹੋ ਕਿ ਡੱਬਾ ਬੰਦ ਜੂਸ ਨਾਲ ਤੁਹਾਨੂੰ ਪੌਸ਼ਟਿਕ ਤੱਤ ਮਿਲਣਗੇ ਤਾਂ ਤੁਸੀਂ ਭੁਲੇਖੇ ''ਚ ਹੋ। ਅਸਲ ''ਚ ਪੈਕ ਜੂਸ ਬਣਾਉਣ ਲਈ ਪਹਿਲਾਂ ਫਲਾਂ ਦੇ ਰਸ ਨੂੰ ਉਬਾਲਿਆ ਜਾਂਦਾ ਹੈ ਤਾਂ ਜੋ ਸਾਰੇ ਬੈਕਟੀਰੀਆ ਖਤਮ ਹੋ ਜਾਣ। ਜੂਸ ਨੂੰ ਉਬਾਲਦੇ ਸਮੇਂ ਬੈਕਟੀਰੀਆ ਦੇ ਨਾਲ-ਨਾਲ ਵਿਟਾਮਿਨ ਅਤੇ ਪੌਸ਼ਟਿਕ ਤੱਤ ਵੀ ਨਸ਼ਟ ਹੋ ਜਾਂਦੇ ਹਨ। ਇੰਝ ਸਰੀਰ ਨੂੰ ਕੋਈ ਵੀ ਫਾਈਬਰ ਨਹੀਂ ਮਿਲਦਾ। ਜੇ ਤੁਸੀਂ ਜੂਸ ਦੀ ਬਜਾਏ ਸਿੱਧਾ ਫਲਾਂ ਦੀ ਵਰਤੋ ਕਰੋਗੇ ਤਾਂ ਤੁਹਾਨੂੰ ਪੌਸ਼ਟਿਕ ਤੱਤ ਵੀ ਮਿਲਣਗੇ ਅਤੇ ਫਾਈਬਰ ਵੀ।
2. ਮੋਟਾਪਾ
ਡੱਬੇ ਵਾਲਾ ਜੂਸ ਤੁਹਾਨੂੰ ਮੋਟਾ ਕਰ ਸਕਦਾ ਹੈ। ਮਾਹਿਰਾਂ ਮੁਤਾਬਕ ਕੁਦਰਤੀ ਫਲਾਂ ਅਤੇ ਸਬਜ਼ੀਆਂ ਦੇ ਮੁਕਾਬਲੇ ਇਹ ਡੱਬਾ ਬੰਦ ਜੂਸ ਭਾਰ ਵਧਾਉਂਦੇ ਹਨ।
3. ਸ਼ੂਗਰ
ਜੇ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਡੱਬਾ ਬੰਦ ਜੂਸ ਦੀ ਵਰਤੋਂ ਨਾ ਕਰੋ ਕਿਉਂਕਿ ਇਹ ਰਿਫਾਇੰਡ ਸ਼ੂਗਰ ਤੋਂ ਬਣੇ ਹੁੰਦੇ ਹਨ ਜੋ ਡਾਇਬਟਿਕ ਲੋਕਾਂ ਲਈ ਠੀਕ ਨਹੀਂ ਹੈ। ਬੇਸ਼ਕ ਇਸ ''ਚ ਸ਼ੂਗਰ ਫ੍ਰੀ ਬਾਰੇ ਸੂਚਨਾ ਲਿਖੀ ਹੋਵੇ ਤਦ ਵੀ ਡਾਇਬਟੀਜ਼ ਦੇ ਮਰੀਜ਼ਾਂ ਨੂੰ ਇਨ੍ਹਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
4. ਆਰਟੀਫੀਸ਼ੀਅਲ ਕਲਰ
ਇਨ੍ਹਾਂ ਨੂੰ ਲੰਬੇ ਸਮੇਂ ਤਕ ਸੁਰੱਖਿਅਤ ਰੱਖਣ ਅਤੇ ਕਲਰ ਦੇਣ ਲਈ ਨਕਲੀ ਭਾਵ ਆਰਟੀਫੀਸ਼ੀਅਲ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਵਾਰ ਤਾਂ ਇਹ ਰੰਗ ਸਿਹਤ ਲਈ ਨੁਕਸਾਨਦੇਹ ਸਾਬਤ ਹੋ ਸਕਦੇ ਹਨ।
5. ਪੇਟ ਦੀ ਗੜਬੜ
ਨਾਸ਼ਪਾਤੀ, ਸੇਬ,  ਚੈਰੀ ਵਰਗੇ ਕੁਝ ਫਲਾਂ ਵਿਚ ਸਾਰਬੀਟਾਲ ਵਰਗੀ ਸ਼ੂਗਰ ਮੌਜੂਦ ਹੁੰਦੀ ਹੈ ਜੋ ਆਸਾਨੀ ਨਾਲ ਹਜ਼ਮ ਨਹੀਂ ਹੁੰਦੀ। ਇਸ ਕਾਰਨ ਪੇਟ ਵਿਚ ਗੈਸ, ਦਸਤ ਅਤੇ ਡਾਇਰੀਆ ਵਰਗੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਾਰਬੀਟਾਲ ਇਕ ਕਾਰਬੋਨਿਕ ਅਲਕੋਹਲ ਹੈ ਜੋ ਖੰਡ ਜਾਂ ਮਿਠਾਸ ਲਈ ਭੋਜਨ ਅਤੇ ਟੁਥਪੇਸਟ ਵਰਗੀਆਂ ਵਸਤਾਂ ਵਿਚ ਵਰਤੀ ਜਾਂਦੀ ਹੈ। ਇਸ ਨਕਲੀ ਮਿਠਾਸ ਦੀ ਵਰਤੋਂ ਅੱਜਕਲ ਬਹੁਤ ਸਾਰੀਆਂ ਚੀਜ਼ਾਂ ਵਿਚ ਹੋ ਰਹੀ ਹੈ।