ਬਕਬਕੇ ਫੁੱਲਾਂ ਅਤੇ ਫਿੱਕੇ ਫਲਾਂ ਵਾਲਾ ਸਿੰਬਲ ਦਾ ਰੁੱਖ ਵੀ ਕਰਦਾ ਹੈ ਅਨੇਕਾਂ ਰੋਗਾਂ ਦਾ ਇਲਾਜ

03/17/2017 3:42:28 PM

ਜਲੰਧਰ (ਬਿਊਰੋ)—ਸਿੰਬਲ ਦਾ ਰੁੱਖ  ਪੰਜਾਬ ਦੇ ਕਈ ਹਿੱਸਿਆਂ ''ਚ ਮਿਲਦਾ ਹੈ ਅਤੇ ਇਸ ਬਾਰੇ ਕਿਹਾ ਜਾਂਦਾ ਹੈ ਕਿ ਇਸ ਦੇ ਫੱਲ ਫਿੱਕੇ ਅਤੇ ਫੁੱਲ ਬਕਬਕੇ ਹੁੰਦੇ ਹਨ, ਜਿਨ੍ਹਾਂ ਨਾਲ ਕੋਈ ਵੀ ਜੀਵ ਆਪਣੀ ਭੁੱਖ ਨੂੰ ਤ੍ਰਪਿਤ ਨਹੀਂ ਕਰ ਸਕਦਾ ਇਸ ਦੇ ਬਾਵਜੂਦ ਇਸ ਰੁੱਖ ''ਚ ਵੀ ਅਨੇਕਾਂ ਗੁਣ ਹਨ। ਇਹ ਰੁੱਖ ਬਹੁਤ ਉਚਾ ਲੰਬਾ ਰੁੱਖ, ਲਾਲ ਰੰਗ ਦੇ ਵੱਡੇ-ਵੱਡੇ ਫੁੱਲਾਂ ਵਾਲਾ ਰੁੱਖ ਹੁੰਦਾ ਹੈ। ਇਸ ਨੂੰ ਸਿੰਬਲ ਵੀ ਕਹਿੰਦੇ ਹਨ। ਇਸ ਦੇ ਫੁੱਲ, ਪੱਤੇ, ਟਾਹਣੀਆਂ,ਜੜ, ਸੱਕ ਆਦਿ ਸਭ ਅਨੇਕ ਰੋਗਾਂ ਤੋਂ ਲਾਭਦਾਇਕ ਹਨ। ਇਸੇ ਕਾਰਨ ਯੂਨਾਨ ਦੇ ਵਿਦਵਾਨ ਇਸਨੂੰ ਸਾਈਲੈਂਟ ਡਾਕਟਰ ਕਹਿੰਦੇ ਸਨ। ਇਸ ਦੇ ਫੁੱਲ, ਕਲੀਆਂ, ਪੱਤੇ, ਜੜ ਜਾਂ ਸੱਕ ਸੁਕਾਅ ਕੇ ਪੀਸ ਕੇ ਦੋ ਤਿੰਨ ''ਚੁਟਕੀ ਕੋਸੇ ਪਾਣੀ ਨਾਲ ਲੈਂਦੇ ਰਹਿਣ ਨਾਲ ਖੂਨ ਘਾਟ, ਕਮਜ਼ੋਰੀ, ਪੁਰਾਣੇ ਦਸਤ ਤੋਂ ਲਾਭ ਹੁੰਦਾ ਹੈ। ਇਸਦੇ ਇੱਕ ਦੋ ਫੁੱਲ ਇੱਕ ਗਿਲਾਸ ਪਾਣੀ ''ਚ ਉਬਾਲ ਕੇ ਦੋ ਦੋ ਚਮਚ ਦਿਨ ਚ ਤਿੰਨ ਵਾਰ ਲੈਂਦੇ ਰਹਿਣ ਨਾਲ ਸਫੈਦ ਪਾਣੀ, ਸ਼ੁਕਰਾਣੂੰ ਘਾਟ, ਦਮਾਂ, ਖੂਨ ਖਰਾਬੀ, ਮਾਸਪੇਸ਼ੀ ਦਰਦ ਆਦਿ ਤੋਂ ਲਾਭਦਾਇਕ ਹੈ। ਸਿੰਬਲ ਦੀ ਜੜ ਦਾ ਚੂਰਨ ਪੁਰਾਣੇ ਜ਼ਖਮਾਂ ਦੇ ਦਾਗਾਂ ਤੇ ਲਾਉਂਦੇ ਰਹਿਣ ਨਾਲ ਦਾਗ ਸਾਫ਼ ਹੋ ਜਾਂਦੇ ਹਨ। ਇਹੋ ਚੂਰਨ ਅੱਧਾ ਚਮਚ ਦੋ ਟਾਇਮ ਖਾਣੇ ਤੋਂ ਬਾਅਦ ਸੌਂਫ ਵਾਲੇ ਦੁੱਧ ਨਾਲ ਖਾਣ ਨਾਲ ਛਾਤੀ ਦੁੱਧ ਵਧਦਾ ਹੈ। ਅਵਿਕਸਿਤ ਛਾਤੀਆਂ ਦਾ ਸਾਈਜ਼ ਵੀ ਵਧਦਾ ਹੈ। ਇਹੋ ਸੱਕ ਸ਼ਹਿਦ ਨਾਲ ਦੋ ਟਾਈਮ ਖਾਣ ਨਾਲ ਪੁਰਾਣੀ ਖੰਘ ਠੀਕ ਹੋ ਜਾਂਦੀ ਹੈ। ਇਹਦੇ ਸੱਕ ਦਾ ਪੇਸਟ ਗੁਲਾਬ ਜਲ ਚ ਬਣਾ ਕੇ ਜ਼ਖਮਾਂ ਤੇ ਲਾਉਣ ਨਾਲ ਜ਼ਖਮ ਜਲਦੀ ਠੀਕ ਹੁੰਦੇ ਹਨ। ਇਹੋ ਪੇਸਟ ਪਤਲਾ ਕਰਕੇ ਚਿਹਰੇ ਤੇ ਲਾਉਣ ਨਾਲ ਛਾਹੀਆਂ, ਦਾਗ਼, ਫਰੈੱਕਲਜ਼, ਐਕਨੀ ਵੁਲਗੈਰਿਸ ਤੇ ਜਲੇ ਕਟੇ ਦੇ ਦਾਗ਼ ਠੀਕ ਹੋ ਜਾਂਦੇ ਹਨ। ਸਿੰਬਲ ਦੀਆਂ ਨਾਜ਼ੁਕ ਟਹਿਣੀਆਂ ਦਾ ਬਰੀਕ ਪਾਉਡਰ ਬਣਾ ਕੇ ਪਾਣੀ ਨਾਲ ਅੱਧਾ-ਅੱਧਾ ਚਮਚ ਦੋ ਵਾਰ ਖਾਂਦੇ ਰਹਿਣ ਨਾਲ ਚਮੜੀ ਰੋਗ, ਜਿਗਰ ਸੋਜ਼, ਗੁਰਦੇ ਦੀ ਇਨਫੈਕਸ਼ਨ, ਨੱਕ, ਕੰਨ, ਗਲਾ ਰੋਗ, ਮਰਦਮੀ ਕਮਜ਼ੋਰੀ ਤੇ ਜਨਰਲ ਵੀਕਨੈੱਸ ਆਦਿ ਤੋਂ ਕਾਮਯਾਬ ਦਵਾਈ ਹੈ।ਇਹ ਰੁੱਖ ਚੀਨ, ਮਲੇਸ਼ੀਆ, ਜਾਪਾਨ, ਥਾਈਲੈਂਡ, ਨੇਪਾਲ, ਪਾਕਿਸਤਾਨ, ਭੁਟਾਨ ਆਦਿ ਮੁਲਖਾਂ ਵਿੱਚ ਬਹੁਤ ਪੁਰਾਣੇ ਸਮਿਆਂ ਤੋਂ ਹੋ ਰਿਹਾ ਹੈ। ਇਹਦੇ ਬਾਰੇ ਪੁਰਾਣੇ ਗ੍ਰੰਥਾਂ, ਦਵਾਈਆਂ ਤੇ ਇਤਿਹਾਸ ਦੀਆਂ ਕਿਤਾਬਾਂ ਆਦਿ ਚ ਬਹੁਤ ਵੇਰਵੇ ਮਿਲਦੇ ਹਨ। ਗੁਰਬਾਣੀ ਵਿੱਚ ਵੀ ਇਹਦੇ ਹਵਾਲੇ ਮਿਲਦੇ ਹਨ.।                                                 
                                                                                            ..ਡਾ ਕਰਮਜੀਤ ਕੌਰ ਬੈਂਸ, ਡਾ ਬਲਰਾਜ ਬੈਂਸ