ਦਿਨ ’ਚ 3 ਕੱਪ ਕੌਫੀ ਵਧਾ ਸਕਦੀ ਹੈ ਮਾਈਗ੍ਰੇਨ ਦਾ ਖਤਰਾ

08/09/2019 11:04:21 AM

ਬੋਸਟਨ (ਭਾਸ਼ਾ)- ਅਜੇ ਤੱਕ ਅਜਿਹਾ ਮੰਨਿਆ ਜਾਂਦਾ ਸੀ ਕਿ ਸਿਰਦਰਦ ਦੀ ਸ਼ਿਕਾਇਤ ਹੋਣ ’ਤੇ ਕੌਫੀ ਪੀਣ ਨਾਲ ਰਾਹਤ ਮਿਲਦੀ ਹੈ ਪਰ ਇਕ ਅਧਿਐਨ ’ਚ ਦਾਅਵਾ ਕੀਤਾ ਗਿਆ ਹੈ ਕਿ ਜ਼ਿਆਦਾ ਕੌਫੀ ਪੀਣਾ ਵੀ ਮਾਈਗ੍ਰੇਨ ਦਾ ਕਾਰਣ ਬਣ ਸਕਦਾ ਹੈ। ‘ਅਮਰੀਕਨ ਜਰਨਲ ਆਫ ਮੈਡੀਸਨ’ ’ਚ ਛਪੇ ਇਕ ਅਧਿਐਨ ’ਚ ਦਾਅਵਾ ਕੀਤਾ ਗਿਆ ਹੈ ਕਿ ਦਿਨ ’ਚ 3 ਕੱਪ ਜਾਂ ਇਸ ਤੋਂ ਵੱਧ ਕੌਫੀ ਪੀਣ ਨਾਲ ਮਾਈਗ੍ਰੇਨ ਦਾ ਖਤਰਾ ਵਧ ਸਕਦਾ ਹੈ। ਇਸ ਅਧਿਐਨ ਦੇ ਤਹਿਤ ਮਾਈਗ੍ਰੇਨ ਅਤੇ ਕੈਫੀਨ ਯੁਕਤ ਪੀਣ ਵਾਲੇ ਪਦਾਰਥਾਂ ਵਿਚਾਲੇ ਸਬੰਧ ਦਾ ਮੁਲਾਂਕਣ ਕੀਤਾ ਗਿਆ।
ਅਮਰੀਕਾ ਸਥਿਤ ‘ਬੈਥ ਈਸਰਾਈਲ ਡੇਕੋਨੈੱਸ ਮੈਡੀਕਲ ਸੈਂਟਰ’ ਦੇ ਖੋਜਕਾਰਾਂ ਨੇ ਦੱਸਿਆ ਕਿ ਦੁਨੀਆਭਰ ’ਚ 1 ਅਰਬ ਤੋਂ ਵੱਧ ਬਾਲਗ ਇਸ ਬੀਮਾਰੀ ਨਾਲ ਪੀੜਤ ਹਨ ਅਤੇ ਇਹ ਦੁਨੀਆ ’ਚ ਤੀਸਰੇ ਨੰਬਰ ਦੀ ਅਜਿਹੀ ਬੀਮਾਰੀ ਹੈ, ਜਿਸ ਤੋਂ ਸਭ ਤੋਂ ਵੱਧ ਲੋਕ ਪੀੜਤ ਹਨ। ‘ਹਾਰਵਰਡ ਚੀ. ਐੱਚ. ਚਾਨ ਸਕੂਲ ਅਾਫ ਪਬਲਿਕ ਹੈਲਥ’ ਦੇ ਐਲਿਜ਼ਾਬੇਥ ਮੋਸਤੋਫਸਕੀ ਦੀ ਅਗਵਾਈ ’ਚ ਖੋਜੀਆਂ ਨੇ ਦੇਖਿਆ ਕਿ ਜਿਨ੍ਹਾਂ ਲੋਕਾਂ ਨੂੰ ਕਦੇ ਕਦੇ ਮਾਈਗ੍ਰੇਨ ਦੀ ਸ਼ਿਕਾਇਤ ਹੁੰਦੀ ਹੈ, ਉਨ੍ਹਾਂ ਨੂੰ ਇਕ ਜਾਂ ਦੋ ਵਾਰ ਕੈਫੀਨ ਵਾਲੇ ਡ੍ਰਿੰਕ ਲੈਣ ਨਾਲ ਉਸ ਦਿਨ ਸਿਰਦਰਦ ਨਹੀਂ ਹੋਇਆ ਪਰ ਤਿੰਨ ਕੱਪ ਜਾਂ ਇਸ ਤੋ ਵੱਧ ਕਾਫੀ ਲੈਣ ਨਾਲ ਉਸ ਦਿਨ ਜਾਂ ਉਸ ਤੋਂ ਅਗਲੇ ਦਿਨ ਸਿਰਦਰਦ ਹੋਇਅਾ। ਮੋਸਤੋਫਸਕੀ ਨੇ ਕਿਹਾ, ‘‘ਭਾਵੇਂ ਨੀਂਦ ਪੂਰੀ ਨਾ ਹੋਣ ਸਮੇਤ ਕਈ ਹੋਰ ਕਾਰਨਾਂ ਤੋਂ ਵੀ ਮਾਈਗ੍ਰੇਨ ਦਾ ਖਤਰਾ ਵਧ ਸਕਦਾ ਹੈ ਪਰ ਕੈਫੀਨ ਦੀ ਭੂਮਿਕਾ ਖਾਸ ਤੌਰ ’ਤੇ ਜਟਿਲ ਹੈ ਕਿਉਂਕਿ ਇਸ ਪਾਸੇ ਤਾਂ ਇਹ ਇਸ ਦਾ ਖਤਰਾ ਵਧਾਉਂਦੀ ਹੈ, ਦੂਜੇ ਪਾਸੇ ਇਹ ਇਸ ਦੇ ਕੰਟਰੋਲ ’ਚ ਸਹਾਇਕ ਹੈ।’’ ਇਹ ਅਧਿਐਨ ਅਜਿਹੇ 98 ਅੱਲ੍ਹੜਾਂ ’ਤੇ ਕੀਤਾ ਗਿਆ, ਜਿਨ੍ਹਾਂ ਨੂੰ ਕਦੇ ਕਦੇ ਮਾਈਗ੍ਰੇਨ ਦੀ ਸ਼ਿਕਾਇਤ ਹੁੰਦੀ ਹੈ।

manju bala

This news is Content Editor manju bala