Child Care: ਆਈਸਕ੍ਰੀਮ ਖਾਣ ਦੇ ਸ਼ੌਕੀਨ ਬੱਚੇ ਸਾਵਧਾਨ, ਸ਼ੂਗਰ ਸਣੇ ਇਨ੍ਹਾਂ ਬੀਮਾਰੀਆਂ ਦਾ ਹੈ ਖ਼ਤਰਾ

06/17/2023 6:00:06 PM

ਜਲੰਧਰ (ਬਿਊਰੋ) - ਗਰਮੀ ਦੇ ਮੌਸਮ 'ਚ ਗਰਮੀ ਤੋਂ ਰਾਹਤ ਪਾਉਣ ਲਈ ਸਾਰੇ ਲੋਕ ਠੰਡਾ ਪਾਣੀ, ਆਈਸਕ੍ਰੀਮ, ਸ਼ਰਬਤ, ਜੂਸ ਵਰਗੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ, ਜਿਸ ਨਾਲ ਉਹਨਾਂ ਨੂੰ ਠੰਡਕ ਮਿਲ ਸਕੇ। ਅੱਜ ਦੇ ਸਮੇਂ 'ਚ ਬੱਚੇ ਗਰਮੀ ਹੋਵੇ ਜਾਂ ਸਰਦੀ, ਦੋਵਾਂ ਮੌਸਮਾਂ ਵਿੱਚ ਆਈਸਕ੍ਰੀਮ ਖਾਣਾ ਪਸੰਦ ਕਰਦੇ ਹਨ। ਸਰਦੀਆਂ ਵਿੱਚ ਆਈਸਕ੍ਰੀਮ ਖਾਣ ਨਾਲ ਬੱਚਿਆਂ ਨੂੰ ਠੰਡ ਲੱਗ ਜਾਂਦੀ ਹੈ, ਜਿਸ ਨਾਲ ਬੁਖ਼ਾਰ, ਜ਼ੁਕਾਮ, ਗਲਾ ਖ਼ਰਾਬ ਹੋ ਜਾਂਦਾ ਹੈ। ਗਰਮੀਆਂ ਵਿੱਚ ਗਰਮੀ ਤੋਂ ਰਾਹਤ ਪਾਉਣ ਲਈ ਬੱਚੇ ਆਈਸਕ੍ਰੀਮ ਦਾ ਜ਼ਿਆਦਾ ਮਾਤਰਾ ਵਿੱਚ ਸੇਵਨ ਕਰਦੇ ਹਨ। ਜ਼ਿਆਦਾ ਆਈਸਕ੍ਰੀਮ ਖਾਣ ਨਾਲ ਵੱਡੀਆਂ ਦੇ ਨਾਲ-ਨਾਲ ਬੱਚਿਆਂ ਦੀ ਵੀ ਸਿਹਤ ਖ਼ਰਾਬ ਹੋ ਸਕਦੀ ਹੈ। ਇਸ ਨਾਲ ਮੋਟਾਪਾ, ਸ਼ੂਗਰ, ਦਿਲ ਦੀ ਬੀਮਾਰੀ, ਇਮਿਊਨ ਸਿਸਟਮ 'ਤੇ ਬੁਰਾ ਅਸਰ ਪੈਂਦਾ ਹੈ। ਦਿਨ 'ਚ 3-4 ਕੱਪ ਆਈਸਕ੍ਰੀਮ ਖਾਣ ਨਾਲ ਸਰੀਰ ਨੂੰ ਬਹੁਤ ਨੁਕਸਾਨ ਹੁੰਦੇ ਹਨ, ਜਿਵੇਂ....

ਬੱਚਿਆਂ ਨੂੰ ਇਸ ਉਮਰ ਵਿੱਚ ਦਿਓ ਆਈਸਕ੍ਰੀਮ
ਬੱਚਿਆਂ ਨੂੰ ਆਈਸਕ੍ਰੀਮ ਬਹੁਤ ਪਸੰਦ ਹੁੰਦੀ ਹੈ। ਕਈ ਲੋਕ ਛੋਟੇ ਬੱਚਿਆਂ ਨੂੰ ਆਈਸਕ੍ਰੀਮ ਖਵਾਉਣੀ ਸ਼ੁਰੂ ਕਰ ਦਿੰਦੇ ਹਨ, ਜੋ ਸਹੀ ਨਹੀਂ ਹੈ। ਬੱਚੇ ਨੂੰ ਘੱਟੋ-ਘੱਟ ਇੱਕ ਸਾਲ ਭਾਵ 12 ਮਹੀਨੇ ਦੇ ਹੋਣ ਤੋਂ ਬਾਅਦ ਹੀ ਆਈਸਕ੍ਰੀਮ ਖੁਆਈ ਜਾਣੀ ਚਾਹੀਦੀ ਹੈ। ਬੱਚਿਆਂ ਨੂੰ ਕੋਈ ਵੀ ਡੇਅਰੀ ਉਤਪਾਦ ਇੱਕ ਸਾਲ ਦੇ ਹੋਣ ਤੋਂ ਬਾਅਦ ਹੀ ਦੇਣਾ ਸਹੀ ਹੈ। ਦੂਜੇ ਪਾਸੇ ਕੱਚੇ ਦੁੱਧ ਅਤੇ ਕਰੀਮ ਤੋਂ ਬਣੀ ਆਈਸਕ੍ਰੀਮ ਬੱਚਿਆਂ ਲਈ ਜ਼ਿਆਦਾ ਫ਼ਾਇਦੇਮੰਦ ਹੁੰਦੀ ਹੈ, ਕਿਉਂਕਿ ਇਸ ਨਾਲ ਉਹਨਾਂ ਦੀ ਸਿਹਕ ਖ਼ਰਾਬ ਨਹੀਂ ਹੁੰਦੀ।

ਵਧ ਸਕਦੈ ਮੋਟਾਪਾ 
ਗਰਮੀਆਂ ਵਿੱਚ ਜ਼ਿਆਦਾ ਆਈਸਕ੍ਰੀਮ ਦਾ ਸੇਵਨ ਕਰਨ ਨਾਲ ਬੱਚਿਆਂ ਵਿੱਚ ਮੋਟਾਪਾ ਆ ਸਕਦਾ ਹੈ। ਦੱਸ ਦੇਈਏ ਕਿ ਆਈਸਕ੍ਰੀਮ ਦੇ 2-3 ਸਕੂਪ ਵਿੱਚ 1000 ਤੋਂ ਵੱਧ ਕੈਲੋਰੀ ਹੁੰਦੀ ਹੈ। ਅਜਿਹੇ 'ਚ ਦਿਨ 'ਚ 3-4 ਕੱਪ ਆਈਸਕ੍ਰੀਮ ਖਾਂਦੇ ਹੋ ਤਾਂ ਇਸ ਨਾਲ ਬੱਚਿਆਂ ਦਾ ਭਾਰ ਵਧ ਸਕਦਾ ਹੈ।

ਇਮਿਊਨਿਟੀ ਨੂੰ ਕਰੇ ਕਮਜ਼ੋਰ 
ਇੱਕ ਪਾਸੇ ਜਿੱਥੇ ਆਈਸਕ੍ਰੀਮ ਠੰਡਕ ਦਾ ਅਹਿਸਾਸ ਦਿਵਾਉਂਦੀ ਹੈ, ਉਥੇ ਹੀ ਇਸ ਨਾਲ ਸਿਹਤ ਖ਼ਰਾਬ ਹੋ ਜਾਂਦੀ ਹੈ। ਠੰਡੀ ਆਈਸਕ੍ਰੀਮ ਖਾਣ ਨਾਲ ਕਈ ਬੀਮਾਰੀਆਂ ਸਰੀਰ 'ਚ ਦਾਖਲ ਹੋ ਸਕਦੀਆਂ ਹਨ, ਜਿਸ ਕਾਰਨ ਬੱਚਿਆਂ ਦਾ ਇਮਿਊਨ ਸਿਸਟਮ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ।

ਜ਼ੁਕਾਮ, ਖਾਂਸੀ, ਬੁਖ਼ਾਰ ਅਤੇ ਗਲੇ ਦੀ ਖਰਾਸ਼
ਜ਼ਿਆਦਾ ਆਈਸਕ੍ਰੀਮ ਖਾਣ ਨਾਲ ਬੱਚਿਆਂ ਦੀ ਇਮਿਊਨਿਟੀ ਕਮਜ਼ੋਰ ਹੋਣ ਦੇ ਨਾਲ-ਨਾਲ ਰੋਗਾਂ ਨਾਲ ਲੜਨ ਦੀ ਸਮਰੱਥਾ ਕਮਜ਼ੋਰ ਹੋ ਜਾਂਦੀ ਹੈ। ਇਸ ਨਾਲ ਸਰਦੀ, ਜ਼ੁਕਾਮ, ਖਾਂਸੀ, ਬੁਖ਼ਾਰ ਅਤੇ ਗਲੇ ਦੀ ਖਰਾਸ਼ ਵਰਗੀਆਂ ਸਮੱਸਿਆਵਾਂ ਜਲਦੀ ਹੋਣ ਲੱਗਦੀਆਂ ਹਨ। 

ਢਿੱਡ ਖ਼ਰਾਬ ਹੋਣ ਦੀ ਸੰਭਾਵਨਾ
ਜ਼ਿਆਦਾ ਮਾਤਰਾ 'ਚ ਆਈਸਕ੍ਰੀਮ ਖਾਣ ਨਾਲ ਬੱਚਿਆਂ ਦਾ ਢਿੱਡ ਖ਼ਰਾਬ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਆਈਸਕ੍ਰੀਮ ਵਿੱਚ ਬਹੁਤ ਜ਼ਿਆਦਾ ਚਰਬੀ ਹੁੰਦੀ ਹੈ, ਜਿਸ ਕਾਰਨ ਲੂਜ਼ ਮੋਸ਼ਨ, ਕਬਜ਼ ਅਤੇ ਢਿੱਡ ਦਰਦ ਦੀ ਸਮੱਸਿਆ ਹੋ ਸਕਦੀ ਹੈ। 

ਸ਼ੂਗਰ ਦੀ ਬੀਮਾਰੀ ਹੋਣ ਦੀ ਸੰਭਾਵਨਾ
ਆਈਸਕ੍ਰੀਮ ਵਿੱਚ ਸ਼ੂਗਰ ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਹੈ ਜੋ ਤੁਹਾਡੇ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾ ਸਕਦੀ ਹੈ। ਜਿਸ ਕਾਰਨ ਸ਼ੂਗਰ ਹੋਣ ਦਾ ਡਰ ਬਣਿਆ ਰਹਿੰਦਾ ਹੈ। ਹਾਲਾਂਕਿ, ਜਿਨ੍ਹਾਂ ਲੋਕਾਂ ਦਾ ਬਲੱਡ ਸ਼ੂਗਰ ਦਾ ਪੱਧਰ ਘੱਟ ਹੈ, ਉਨ੍ਹਾਂ ਲਈ ਸੀਮਤ ਮਾਤਰਾ ਵਿੱਚ ਆਈਸਕ੍ਰੀਮ ਖਾਣਾ ਲਾਭਦਾਇਕ ਹੋ ਸਕਦਾ ਹੈ।

ਦਿਲ ਦੇ ਦੌਰੇ ਦਾ ਵਧਦਾ ਹੈ ਜੋਖ਼ਮ
ਖੋਜ 'ਚ ਪਤਾ ਲੱਗਾ ਹੈ ਕਿ ਵਨੀਲਾ ਆਈਸਕ੍ਰੀਮ ਦੇ ਇੱਕ ਕੱਪ ਵਿੱਚ ਸੈਚੁਰੇਟੇਡ ਫੈਟ ਅਤੇ 28 ਗ੍ਰਾਮ ਚੀਨੀ ਹੁੰਦੀ ਹੈ। ਦਿਨ ਵਿਚ ਇਕ ਆਈਸਕ੍ਰੀਮ ਖਾਣ ਨਾਲ ਸਰੀਰ ਵਿਚ ਟ੍ਰਾਈਗਲਿਸਰਾਈਡਸ ਅਤੇ ਕੋਲੈਸਟ੍ਰੋਲ ਦਾ ਪੱਧਰ ਵਧਦਾ ਹੈ। ਅਜਿਹੇ 'ਚ ਜੇਕਰ ਦਿਨ 'ਚ 3-4 ਕੱਪ ਆਈਸਕ੍ਰੀਮ ਖਾਧੀ ਜਾਵੇ ਤਾਂ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ।

rajwinder kaur

This news is Content Editor rajwinder kaur