ਗਿੱਲਾ ਹੋਣ ''ਤੇ ਡਾਈਪਰ ਵਜਾ ਦੇਵੇਗਾ ਅਲਾਰਮ

12/27/2016 12:30:52 AM

ਟੋਕੀਓ— ਜਾਪਾਨ ਦੇ ਵਿਗਿਆਨੀਆਂ ਨੇ ਪੇਸ਼ਾਬ ਨਾਲ ਚੱਲਣ ਵਾਲਾ ਇਕ ਅਜਿਹਾ ਸੈਂਸਰ ਤਿਆਰ ਕੀਤਾ ਹੈ ਜੋ ਡਾਈਪਰ ਗਿੱਲਾ ਹੋਣ ''ਤੇ ਬੱਚੇ ਦੀ ਦੇਖਭਾਲ ਕਰ ਰਹੇ ਲੋਕਾਂ ਨੂੰ ਅਲਰਟ ਕਰ ਸਕਦਾ ਹੈ। ਇਸ ਨਾਲ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਬੱਚੇ ਦਾ ਡਾਈਪਰ ਬਦਲਣ ਦਾ ਸਮਾਂ ਆ ਗਿਆ ਹੈ। ਜਾਪਾਨ ਦੀ ਰਿਤਸੂਮੀਕਾਨ ਯੂਨੀਵਰਸਿਟੀ ਦੀ ਇਕ ਟੀਮ ਲਗਭਗ 5 ਸਾਲ ਤੋਂ ਡਾਈਪਰ ''ਤੇ ਕੰਮ ਕਰ ਰਹੀ ਸੀ। ਇਸਦਾ ਮੂਲ ਟੀਚਾ ਉਨ੍ਹਾਂ ਬਜ਼ੁਰਗਾਂ ਦੀ ਉਚਿੱਤ ਦੇਖਭਾਲ ਹੈ, ਜੋ ਕੱਪੜਿਆਂ ਵਿਚ ਹੀ ਪੇਸ਼ਾਬ ਨਿਕਲ ਜਾਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਖੋਜਕਾਰਾਂ ਨੇ ਕਿਹਾ ਕਿ ਡਾਈਪਰ ਲਈ ਲੋੜੀਦਾ ਸੈਂਸਰ ਬਣਾਉਣਾ ਇਕ ਚੁਣੌਤੀ ਰਿਹਾ। ਉਨ੍ਹਾਂ ਨੇ ਇਸ ਤੋਂ ਪਹਿਲਾਂ ਇਕ ਅਜਿਹਾ ਯੂਰਿਨ ਸੈਂਸਰ ਬਣਾਇਆ ਸੀ, ਜਿਸ ਨੂੰ ਡਾਈਪਰ ਵਿਚ ਲਾਉਣਾ ਮੁਸ਼ਕਿਲ ਸੀ। ਇਸ ਸੈਂਸਰ ਵਿਚ ਅਜਿਹਾ ਰਸਾਇਣ ਸੀ ਜੋ ਇਨਸਾਨਾਂ ਲਈ ਅਸੁਰੱਖਿਅਤ ਹੋ ਸਕਦਾ ਸੀ ਅਤੇ ਇਸਦੀ ਬੈਟਰੀ ਵਿਚ ਲੱਗਣ ਵਿਚ ਸਮਾਂ ਯਕੀਨੀ ਨਹੀਂ ਸੀ। ''ਗਿਜਮੋਦੋ'' ਦੀ ਖਬਰ ਮੁਤਾਬਕ ਨਵਾਂ ਡਾਈਪਰ ਸੈਂਸਰ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਦਾ ਹੈ, ਕਿਉਂਕਿ ਇਸ ਵਿਚ ਲੱਗੀ ਬੈਟਰੀ ਪੇਸ਼ਾਬ ਨਾਲ ਚਲਦੀ ਹੈ।