ਵਿਵਸਥਾ ਤਬਦੀਲੀ ਦੀ ਡਗਰ ’ਤੇ ਹਰਿਆਣਾ

10/28/2022 10:59:14 AM

ਮਨੋਹਰ ਲਾਲ (ਮੁੱਖ ਮੰਤਰੀ ਹਰਿਆਣਾ)

ਹਰਿਆਣਾ- ਜਿਸ ਸੰਸਦੀ ਲੋਕਤੰਤਰੀ ਪ੍ਰਣਾਲੀ ਨੂੰ ਭਾਰਤ ਨੇ ਅਪਣਾਇਆ ਹੈ ਉਸ ’ਚ ਸੱਤਾ ਤਾਂ 5 ਸਾਲ ਬਾਅਦ ਬਦਲ ਜਾਂਦੀ ਹੈ। ਸਿਆਸੀ ਅਸਥਿਰਤਾ ਦੇ ਦੌਰ ’ਚ ਕਈ ਵਾਰ ਤਬਦੀਲੀ ਉਸ ਤੋਂ ਘੱਟ ਸਮੇਂ ’ਚ ਵੀ ਹੁੰਦੀ ਦੇਖੀ ਗਈ ਹੈ ਪਰ ਅਜਿਹੀਆਂ ਤਬਦੀਲੀਆਂ ’ਚ ਅਕਸਰ ਚਿਹਰੇ ਹੀ ਬਦਲਦੇ ਹਨ, ਸੱਤਾ ਦੀ ਚਾਲ ਜਾਂ ਚਰਿੱਤਰ ਨਹੀਂ। ਸੱਤਾ ਤਾਂ ਬਦਲ ਜਾਂਦੀ ਹੈ ਪਰ ਵਿਵਸਥਾ ਨਹੀਂ ਭਾਵ ਆਮ ਆਦਮੀ ਦੇ ਜੀਵਨ ’ਚ ਲੋੜੀਂਦੀਆਂ ਤਬਦੀਲੀਆਂ ਲਿਆਉਣ ਵਾਲੀ ਵਿਵਸਥਾ ਦਾ ਸੁਪਨਾ, ਸੱਤਾ ਤਬਦੀਲੀ ਦੇ ਬਾਵਜੂਦ ਸਾਕਾਰ ਨਹੀਂ ਹੋ ਸਕਦਾ। ਅੱਜ ਜਦੋਂ ਸਰਕਾਰ 8 ਸਾਲ ਪੂਰੇ ਕਰ ਰਹੀ ਹੈ ਤਾਂ ਹਰਿਆਣਾ ਦੇ ਪ੍ਰਥਮ ਸੇਵਕ ਦੇ ਰੂਪ ’ਚ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਸਾਰਿਆਂ ਦਾ ਸਾਥ ਅਤੇ ਭਰੋਸੇ ਦੇ ਜ਼ੋਰ ’ਤੇ ਵਿਵਸਥਾ ਤਬਦੀਲੀ ਦੇ ਸੰਕਲਪ ਦਾ ਸਫ਼ਰ ਸਹੀ ਦਿਸ਼ਾ ’ਚ ਜਾਰੀ ਹੈ।

ਭਾਜਪਾ ਜਿਸ ਵੱਖਰੇ ਕਿਸਮ ਦੇ ਸਾਫ-ਸੁਥਰੇ ਸਿਆਸੀ ਸੱਭਿਆਚਾਰ ਲਈ ਜਾਣੀ ਜਾਂਦੀ ਹੈ, ਉਸੇ ਦੇ ਅਨੁਸਾਰ ਸਾਲ 2014 ’ਚ ਵੋਟਰਾਂ ਦੇ ਫਤਵੇ ਦੇ ਨਾਲ ਸੱਤਾ ਸੰਭਾਲਣ ਦੇ ਬਾਅਦ ਅਸੀਂ ਹਰਿਆਣਾ ’ਚ ਚਿਹਰਾ, ਚਾਲ ਅਤੇ ਚਰਿੱਤਰ ਬਦਲਦੇ ਹੋਏ ਵਿਵਸਥਾ ’ਚ ਕਾਰਗਰ ਤਬਦੀਲੀ ਲਿਆਉਣ ’ਚ ਸਫਲ ਹੋਏ ਹਾਂ। ਦੂਜਿਆਂ ’ਤੇ ਟੀਕਾਟਿੱਪਣੀ ਸਾਡੇ ਸਿਆਸੀ ਸੰਸਕਾਰ ਨਹੀਂ ਪਰ ਇਸ ਸੱਚ ਤੋਂ ਮੂੰਹ ਨਹੀਂ ਲੁਕਾਇਆ ਜਾ ਸਕਦਾ ਕਿ ਪਹਿਲੀਆਂ ਸਰਕਾਰਾਂ ਦੀ ਵੋਟ ਬੈਂਕ ਕੇਂਦਰਿਤ ਸੋਚ ਅਤੇ ਕਾਰਜਸ਼ੈਲੀ ਨਾਲ ਹਰਿਆਣਾ ਦੇ ਅਕਸ ’ਤੇ ਕਈ ਤਰ੍ਹਾਂ ਦੇ ਬੇਲੋੜੇ ਸਵਾਲੀਆ ਨਿਸ਼ਾਨ ਲੱਗਦੇ ਰਹੇ। ਸ਼ਾਇਦ ਇਸ ਲਈ ਵੀ ਕਿ ਉਨ੍ਹਾਂ ਸਰਕਾਰਾਂ ਨੇ ਸੱਤਾ ਨੂੰ ਸੇਵਾ ਨਹੀਂ, ਮੇਵਾ ਦਾ ਮਾਧਿਅਮ ਮੰਨਿਆ ਅਤੇ ਬਣਾਇਆ। ਨਤੀਜੇ ਵਜੋਂ ਹਰਿਆਣਾ ਆਪਣੇ ਸ਼ਾਨਦਾਰ ਪਿਛੋਕੜ ਅਤੇ ਦੇਸ਼ ਦੀ ਰਾਜਧਾਨੀ ਦਿੱਲੀ ਦੇ 3 ਪਾਸੇ ਵੱਸੇ ਹੋਣ ਦੀ ਵਿਸ਼ੇਸ਼ ਭੂਗੋਲਿਕ ਸਥਿਤੀ ਅਨੁਸਾਰ ਵਿਕਾਸ ਨਹੀਂ ਕਰ ਸਕਿਆ। ਸਾਲ 2014 ’ਚ ਹੀ ਕੇਂਦਰ ’ਚ ਸੱਤਾ ਤਬਦੀਲੀ ਹੋਈ। 3 ਦਹਾਕੇ ਬਾਅਦ ਕਿਸੇ ਇਕ ਪਾਰਟੀ ਦੇ ਰੂਪ ’ਚ ਭਾਜਪਾ ਨੂੰ ਲੋਕ ਸਭਾ ’ਚ ਮਿਲੇ ਸਪੱਸ਼ਟ ਬਹੁਮਤ ਨਾਲ ਨਰਿੰਦਰ ਭਾਈ ਮੋਦੀ ਦੀ ਅਗਵਾਈ ’ਚ ਰਾਜਗ ਸਰਕਾਰ ਨੇ ਸੱਤਾ ਸੰਭਾਲੀ। ਪ੍ਰਧਾਨ ਮੰਤਰੀ ਮੋਦੀ ਦੇ ਏਕ ਭਾਰਤ, ਸ੍ਰੇਸ਼ਠ ਭਾਰਤ ਦੇ ਨਾਅਰੇ ਅਨੁਸਾਰ ਹੀ ਹਰਿਆਣਾ ’ਚ ਮੇਰੀ ਸਰਕਾਰ ਨੇ ਹਰਿਆਣਾ ਇਕ, ਹਰਿਆਣਵੀ ਇਕ ਦੀ ਸੋਚ ਦੇ ਨਾਲ ਸੇਵਾ ਅਤੇ ਸਮਰਪਨ ਦੀ ਭਾਵਨਾ ਨਾਲ ਵਿਵਸਥਾ ਤਬਦੀਲੀ ਦੀ ਦਿਸ਼ਾ ’ਚ ਕੰਮ ਸ਼ੁਰੂ ਕੀਤਾ। ਦਹਾਕਿਆਂ ਤੋਂ ਜਿਉਂ ਦੀ ਤਿਉਂ ਸਥਿਤੀ ਦੀ ਮਾਨਸਿਕਤਾ ਨਾਲ ਗ੍ਰਸਤ ਵਿਵਸਥਾ ’ਚ ਤਬਦੀਲੀ ਸੌਖੀ ਨਹੀਂ ਹੁੰਦੀ।

ਯਕੀਨੀ ਹੀ ਸਾਡਾ ਸਫ਼ਰ ਵੀ ਸੌਖਾ ਨਹੀਂ ਰਿਹਾ। ਇਸ ਵਿਵਸਥਾ ਤਬਦੀਲੀ ਨਾਲ ਜਿਨ੍ਹਾਂ ਨਿਹਿਤ ਸਵਾਰਥੀ ਤੱਥਾਂ ਨੂੰ ਸੱਟ ਵੱਜਦੀ ਹੈ ਉਨ੍ਹਾਂ ਨੇ ਹੀ ਰਾਹ ’ਚ ਕੰਡੇ ਬੀਜਣ ’ਚ ਕਸਰ ਨਾ ਛੱਡੀ ਪਰ ਨੇਕ ਨੀਅਤ ਦੇ ਨਾਲ ਕੀਤੀ ਗਈ ਹਾਂਪੱਖੀ ਕੋਸ਼ਿਸ਼ ਦੀ ਕਦੀ ਹਾਰ ਨਹੀਂ ਹੁੰਦੀ। ਸਤਯਮੇਵ ਜਯਤੇ ’ਚ ਵਿਸ਼ਵਾਸ ਦੇ ਨਾਲ ਸਾਲ 2014 ’ਚ ਮੇਰੀ ਸਰਕਾਰ ਨੇ ਜਿਸ ਵਿਵਸਥਾ ਤਬਦੀਲੀ ਦੇ ਸੰਕਲਪ ਦਾ ਸਫਰ ਸ਼ੁਰੂ ਕੀਤਾ ਸੀ, 8 ਸਾਲ ਬਾਅਦ ਉਸ ਦਾ ਅਸਰ ਪਹਿਲੇ ਗ੍ਰਹਿਮੁਕਤ ਕਿਸੇ ਵੀ ਵਿਅਕਤੀ ਨੂੰ ਸਾਫ ਨਜ਼ਰ ਆਉਂਦਾ ਹੈ। ਸਾਲ 2014 ’ਚ ਜਿਸ ਹਰਿਆਣਾ ਦੀ ਤਸਵੀਰ ਸਮਾਜਿਕ ਅਤੇ ਖੇਤਰੀ ਫੁੱਟਪਾਊ ਰੇਖਾਵਾਂ ਨਾਲ ਉਕੇਰੀ ਜਾਂਦੀ ਸੀ ਅੱਜ ਉਹ ਆਪਣੀ ਇਕਜੁੱਟਤਾ ਨਾਲ ਹਾਸਲ ਟੀਚਿਆਂ ਦੇ ਕਾਰਨ ਬਾਕੀ ਦੇਸ਼ ਦੇ ਲਈ ਵੀ ਪ੍ਰੇਰਕ ਬਣ ਗਿਆ ਹੈ। ਹਰਿਆਣਾ ਦੇ ਕਈ ਪ੍ਰਾਜੈਕਟ ਅਜਿਹੇ ਹਨ ਜਿਨ੍ਹਾਂ ਦੀ ਕੇਂਦਰ ਸਰਕਾਰ ਨੇ ਸ਼ਲਾਘਾ ਕੀਤੀ ਹੈ ਅਤੇ ਹੋਰ ਸੂਬੇ ਆਪਣੇ ਇੱਥੇ ਲਾਗੂ ਕਰ ਰਹੇ ਹਨ। ਹਰਿਆਣਾ ਦੀ ਸਿਆਸਤ ’ਤੇ ਅਕਸਰ ਪਰਿਵਾਰਵਾਦ ਦਾ ਕਬਜ਼ਾ ਰਿਹਾ ਪਰ ਮੈਂ ਪੂਰੇ ਹਰਿਆਣਾ ਨੂੰ ਆਪਣਾ ਪਰਿਵਾਰ ਮੰਨ ਕੇ ਸਾਰਿਆਂ ਨੂੰ ਬਰਾਬਰ ਨਜ਼ਰ ਨਾਲ ਦੇਖਿਆ ਹੈ। ਮੁਖੀ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਨਾਲ ਇਨਸਾਫ ਕਰੇ, ਹਿੱਤਾਂ ਦੀ ਰਖਵਾਲੀ ਕਰਦੇ ਹੋਏ ਉਨ੍ਹਾਂ ਦੀ ਜ਼ਿੰਦਗੀ ਦੀ ਸਹੀ ਦਸ਼ਾ-ਦਿਸ਼ਾ ਯਕੀਨੀ ਬਣਾਵੇ।

ਭਾਜਪਾ ‘ਸਬਕਾ ਸਾਥ, ਸਬਕਾ ਵਿਕਾਸ ਔਰ ਸਬਕਾ ਵਿਸ਼ਵਾਸ’ ’ਚ ਮੁਕੰਮਲ ਆਸਥਾ ਰੱਖਦੀ ਹੈ। ਇਸ ਲਈ ਮੇਰੀ ਸਰਕਾਰ ਨੇ ਅੰਤੋਦਿਆ, ਪਰਿਵਾਰ ਪਛਾਣਪੱਤਰ ਅਤੇ ਆਯੁਸ਼ਮਾਨ ਭਾਰਤ ਵਰਗੇ ਪ੍ਰਾਜੈਕਟਾਂ ਰਾਹੀਂ ਸਮਾਜ ਦੇ ਉਨ੍ਹਾਂ ਲੋੜਵੰਦ ਪਰਿਵਾਰਾਂ ਦੇ ਜੀਵਨ ’ਚ ਤਬਦੀਲੀ ਦਾ ਬੇੜਾ ਵੀ ਚੁੱਕਿਆ ਹੈ ਜਿਨ੍ਹਾਂ ਤੱਕ ਦਹਾਕਿਆਂ ਬਾਅਦ ਵੀ ਵਿਕਾਸ ਦੀ ਰੋਸ਼ਨੀ ਨਹੀਂ ਪਹੁੰਚ ਸਕੀ ਸੀ। ਸਮਾਜਿਕ ਸੁਰੱਖਿਆ ਪੈਨਸ਼ਨ ਤੋਂ ਲੈ ਕੇ ਸ਼ਗੁਨ ਯੋਜਨਾ ਤੱਕ ਸਾਰਿਆਂ ਦੀ ਰਕਮ ’ਚ ਬੜਾ ਵੱਡਾ ਵਾਧਾ ਕੀਤਾ ਗਿਆ ਹੈ। ਕੋਰੋਨਾ ਕਾਲ ਦੁਨੀਆ ਭਰ ਦੀਆਂ ਸਰਕਾਰਾਂ ਲਈ ਵੱਡੀ ਚੁਣੌਤੀ ਅਤੇ ਸਖਤ ਪ੍ਰੀਖਿਆ ਸਾਬਤ ਹੋਈ ਪਰ ਹਰਿਆਣਾ ਨੇ ਉਸ ’ਚ ਵੀ ਸ਼ਾਨਦਾਰ ਸਫਲਤਾ ਹਾਸਲ ਕੀਤੀ। ਨਾ ਸਿਰਫ ਸੂਬੇ ਦੇ ਨਿਵਾਸੀਆਂ ਨੂੰ ਤੇਜ਼ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਸਗੋਂ ਗੁਆਂਢੀ ਸੂਬੇ ਤੋਂ ਆਉਣ ਵਾਲੇ ਮਰੀਜ਼ਾਂ ਦਾ ਵੀ ਪੂਰਾ ਧਿਆਨ ਰੱਖਿਆ।

ਕੋਰੋਨਾ ਕਾਲ ਅਤੇ ਉਸ ਦੇ ਬਾਅਦ ਵੀ ਹਰਿਆਣਾ ’ਚ ਸਿਹਤ ਸਹੂਲਤਾਂ ਦੇ ਵਿਸਤਾਰ ਲਈ ਜੰਗੀ ਪੱਧਰ ’ਤੇ ਕੰਮ ਜਾਰੀ ਹੈ। ਸਭ ਤੋਂ ਵੱਧ 14 ਫਸਲਾਂ ਐੱਮ. ਐੱਸ. ਪੀ. ’ਤੇ ਖਰੀਦਣ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ। ਖੇਤੀ ਨੂੰ ਲਾਭਕਾਰੀ ਬਣਾਉਣ ਲਈ ਭਾਵਾਂਤਰ, ਮੇਰੀ ਫਸਲ ਪੋਰਟਲ, ਮੇਰਾ ਪਾਣੀ ਮੇਰੀ ਵਿਰਾਸਤ ਵਰਗੀਆਂ ਯੋਜਨਾਵਾਂ ਵੀ ਲਾਗੂ ਕੀਤੀਆਂ ਗਈਆਂ ਹਨ। ਇਕ ਸਮਾਂ ਸੀ ਜਦੋਂ ਪਿੰਡ ਹੀ ਨਹੀਂ, ਹਰਿਆਣਾ ਦੇ ਸ਼ਹਿਰ ਵੀ ਬਿਜਲੀ ਦੇ ਲਈ ਤਰਸਦੇ ਸਨ ਪਰ ਸਾਡੀ ਸਰਕਾਰ ਨੇ ਬਿਜਲੀ ਨਿਗਮਾਂ ਨੂੰ ਭਾਰੀ-ਵੱਡੇ ਘਾਟੇ ’ਚੋਂ ਉਭਾਰਦੇ ਹੋਏ ਦਿਹਾਤੀ ਇਲਾਕੇ ’ਚ ਵੀ ਬਿਜਲੀ ਦੀ ਸਪਲਾਈ ਯਕੀਨੀ ਬਣਾਈ ਹੈ। ਹੁਣ 80 ਫੀਸਦੀ ਪਿੰਡ ਵੀ 24 ਘੰਟੇ ਜਗਮਗ ਰਹਿੰਦੇ ਹਨ। ਨਿੱਜੀ ਖੇਤਰ ਦੀਆਂ ਨੌਕਰੀਆਂ ’ਚ ਤਾਂ ਸਥਾਨਕ ਨੌਜਵਾਨਾਂ ਲਈ 75 ਫੀਸਦੀ ਰਾਖਵੇਂਕਰਨ ਦੀ ਵਿਵਸਥਾ ਕੀਤੀ ਗਈ ਹੈ, ਵਿਦੇਸ਼ਾਂ ’ਚ ਵੀ ਉਨ੍ਹਾਂ ਲਈ ਨੌਕਰੀਆਂ ਦੀਆਂ ਸੰਭਾਵਨਾਵਾਂ ਬਿਹਤਰ ਬਣਾਉਣ ਲਈ ਸਰਕਾਰ ਯਤਨਸ਼ੀਲ ਹੈ। ਵਿਦੇਸ਼ੀ ਨਿਵੇਸ਼ਕਾਂ ਦੀ ਹਰਿਆਣਾ ਅੱਜ ਪਹਿਲੀ ਪਸੰਦ ਹੈ। ਹਾਂਪੱਖੀ ਯਤਨਾਂ ਦੇ ਨਤੀਜੇ ਵੀ ਹਾਂਪੱਖੀ ਹੀ ਨਿਕਲਦੇ ਹਨ। ਸਿੱਖਿਆ ਅਤੇ ਨੌਕਰੀ ਹੀ ਨਹੀਂ, ਜ਼ਿੰਦਗੀ ਦੇ ਹਰ ਖੇਤਰ ’ਚ ਅੱਜ ਹਰਿਆਣਵੀ ਆਪਣੇ ਹੁਨਰ- ਸਮਰਥਾ ਦਾ ਲੋਹਾ ਮਨਵਾ ਰਹੇ ਹਨ, ਤਾਂ ਇਹ ਮਹਿਜ ਸੱਤਾ ਨਹੀਂ, ਵਿਵਸਥਾ ਤਬਦੀਲੀ ਦਾ ਨਤੀਜਾ ਹੈ।

ਖੇਡ ਜਗਤ ’ਚ ਤਾਂ ਹਰਿਆਣਾ ਦੀਆਂ ਗਗਨਚੁੰਭੀ ਸਫਲਤਾਵਾਂ ਚਮਤਕਾਰੀ ਹੀ ਹਨ ਪਰ ਉਨ੍ਹਾਂ ਦੇ ਮੂਲ ’ਚ ਹਨ ਹਰਿਆਣਵੀਆਂ ਦਾ ਜੀਵਨ ਅਤੇ ਸਰਕਾਰ ਦੀਆਂ ਮਿਥੀਆਂ ਨੀਤੀਆਂ। ਤਮਗਾ ਜੇਤੂ ਖਿਡਾਰੀਆਂ ਨੂੰ ਦੇਸ਼ ’ਚ ਸਭ ਤੋਂ ਵੱਧ ਸਨਮਾਨ ਰਾਸ਼ੀ ਹਰਿਆਣਾ ’ਚ ਮਿਲਦੀ ਹੈ ਤਾਂ ਉਨ੍ਹਾਂ ਨੂੰ ਕੌਮਾਂਤਰੀ ਮੁਕਾਬਲਿਆਂ ਦੀ ਤਿਆਰੀ ਲਈ ਪੇਸ਼ਗੀ ਰਕਮ ਦੀ ਵੀ ਵਿਵਸਥਾ ਹੈ। ਅਸੀਂ ਦਿਹਾਤੀ ਇਲਾਕਿਆਂ ਤੋਂ ਵੀ ਖੇਡ ਪ੍ਰਤਿਭਾਵਾਂ ਨੂੰ ਅੱਲ੍ਹੜ ਅਵਸਥਾ ’ਚ ਹੀ ਪਛਾਣ ਕੇ ਨਿਖਾਰਨ ਦੀਆਂ ਜੋ ਨੀਤੀਆਂ ਬਣਾਈਆਂ ਹਨ, ਉਨ੍ਹਾਂ ਦੇ ਨਤੀਜੇ ਸਾਹਮਣੇ ਆਉਣ ਲੱਗੇ ਹਨ। ਖੇਤਰ ਅਤੇ ਆਬਾਦੀ ਦੇ ਨਜ਼ਰੀਏ ਤੋਂ ਦੇਸ਼ ਦੇ ਸਭ ਤੋਂ ਛੋਟੇ ਰਾਜਾਂ ’ਚ ਸ਼ਾਮਲ ਹਰਿਆਣਾ ਦਾ ਚਹੁੰਮੁਖੀ ਵਿਕਾਸ ਅਤੇ ਪ੍ਰਾਪਤੀਆਂ ਦੀ ਮਿਸਾਲ ਬਣ ਸਕਣਾ ਸਰਕਾਰ ਦੇ ਯਤਨਾਂ ਨੂੰ ਮਿਲੇ ਆਮ ਹਰਿਆਣਵੀ ਦੇ ਸਾਥ ਅਤੇ ਵਿਸ਼ਵਾਸ ਨਾਲ ਹੀ ਸੰਭਵ ਹੋ ਸਕਿਆ ਹੈ। ਮੈਂ ਭਰੋਸਾ ਦਿਵਾਉਂਦਾ ਹਾਂ ਕਿ ਤੁਹਾਡੇ ਸਾਰਿਆਂ ਨਾਲ ਰਲ ਕੇ ਵਿਵਸਥਾ ਤਬਦੀਲੀ ਦੇ ਸੰਕਲਪ ਦਾ ਇਹ ਸਫ਼ਲ ਜਾਰੀ ਰਹੇਗਾ।

DIsha

This news is Content Editor DIsha